ਮਾਨਸਾ: ਕਸਬਾ ਸਰਦੂਲਗੜ੍ਹ ਵਿੱਚੋਂ ਗੁਜ਼ਰਨ ਵਾਲੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਲੱਗਿਆ ਹੈ। ਪਾਣੀ ਦਾ ਪੱਧਰ ਬੇਸ਼ੱਕ ਖ਼ਤਰੇ ਦੇ ਨਿਸ਼ਾਨ ਤੋਂ ਕੁਝ ਹੇਠਾ ਹੈ ਪਰ ਫਿਰ ਵੀ ਸਥਾਨਕ ਲੋਕਾਂ ਵਿੱਚ ਪਾਣੀ ਵੱਧਣ ਨਾਲ ਨੁਕਸਾਨ ਹੋਣ ਦਾ ਸਹਿਮ ਬਣਿਆ ਹੋਇਆ ਹੈ। ਜਦੋਂ ਕਿ ਅਧਿਕਾਰੀ ਸਾਰੇ ਪ੍ਰਬੰਧ ਅਤੇ ਸਥਿਤੀ ਕੰਟਰੋਲ ਵਿੱਚ ਹੋਣ ਦੇ ਦਾਅਵੇ ਕਰ ਰਹੇ ਹਨ।
ਸਰਦੂਲਗੜ੍ਹ ਸ਼ਹਿਰ ਅਤੇ ਦੋ ਦਰਜਨ ਦੇ ਕਰੀਬ ਪਿੰਡਾਂ ਦੇ 'ਤੇ ਖ਼ਤਰੇ ਦਾ ਕਾਰਨ ਬਣੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣ ਨਾਲ ਕੰਢੇ ਵੱਸਣ ਵਾਲੇ ਪਿੰਡਾਂ ਅਤੇ ਲੋਕਾਂ ਨੂੰ ਹੜ੍ਹ ਦਾ ਆਉਣ ਦਾ ਡਰ ਹੈ। ਘੱਗਰ ਦਰਿਆ ਦੇ ਆਸ-ਪਾਸ ਰਹਿਣ ਵਾਲੇ ਲੋਕ ਪਹਿਲਾਂ ਇਸ 'ਚ ਆਉਂਦੇ ਕਾਲੇ ਅਤੇ ਬਦਬੂਦਾਰ ਪਾਣੀ ਤੋਂ ਪ੍ਰੇਸ਼ਾਨ ਸੀ ਪਰ ਹੁਣ ਬਰਸਾਤ ਦੇ ਪਾਣੀ ਨਾਲ ਹੋਣ ਵਾਲੇ ਨੁਕਸਾਨ ਤੋਂ ਚਿੰਤਤ ਹਨ। ਸ਼ਹਿਰ ਨਿਵਾਸੀ ਬਿਕਰਜੀਤ ਸਿੰਘ ਅਤੇ ਗੁਰਚੇਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਬਾਰਿਸ਼ ਅਤੇ ਨਿਕਾਸੀ ਨਾਲਿਆਂ ਦਾ ਪਾਣੀ ਘੱਗਰ ਵਿੱਚ ਵਹਿਣ ਦੇ ਕਾਰਨ ਪਾਣੀ ਦਾ ਪੱਧਰ ਉੱਚਾ ਹੋ ਗਿਆ ਹੈ ਅਤੇ ਪਾਣੀ ਦਾ ਪੱਧਰ ਚੌਦਾਂ ਫੁੱਟ ਤੱਕ ਪਹੁੰਚ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕਿ ਘੱਗਰ ਵਿੱਚ ਗੁਜ਼ਰਨ ਵਾਲਾ ਪਾਣੀ ਸਰਦੂਲਗੜ੍ਹ ਅਤੇ ਆਸ-ਪਾਸ ਦੇ ਪਿੰਡਾਂ ਨੂੰ ਆਪਣੀ ਚਪੇਟ ਵਿੱਚ ਲੈ ਲੈਂਦਾ ਹੈ ਜਿਸ ਦੇ ਕਾਰਨ ਹੁਣ ਘੱਗਰ 'ਚ ਪਾਣੀ ਦੇ ਵਧਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਨੇ ਘੱਗਰ ਦਾ ਹੁਣ ਤੱਕ ਮੁਆਇਨਾ ਨਹੀਂ ਕੀਤਾ ਅਤੇ ਪ੍ਰਸ਼ਾਸਨ ਗੂੜ੍ਹੀ ਨੀਂਦ ਵਿੱਚ ਲੱਗਦਾ ਹੈ।
ਘੱਗਰ ਵਿੱਚ ਪਾਣੀ ਦੇ ਵੱਧ ਰਹੇ ਪੱਧਰ ਤੋਂ ਭਾਵੇਂ ਸਥਾਨਕ ਲੋਕ ਚਿੰਤਤ ਹੋਣ ਪਰ ਪ੍ਰਸ਼ਾਸਨ ਸਭ ਕੁਝ ਠੀਕ ਹੋਣ ਦੇ ਦਾਅਵੇ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰ ਪਾਲ ਨੇ ਦੱਸਿਆ ਕਿ ਪਿਛਲੇ ਦਿਨੀਂ ਪਹਾੜਾਂ 'ਤੇ ਪਏ ਮੀਂਹ ਦੇ ਕਾਰਨ ਘੱਗਰ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਪਰ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਘੱਗਰ ਤੋਂ ਬਚਾਉਣ ਦੇ ਲਈ ਪ੍ਰਸ਼ਾਸਨ ਵੱਲੋਂ ਪ੍ਰਬੰਧ ਮੁਕੰਮਲ ਕੀਤੇ ਹਨ।