ਮਾਨਸਾ: ਪਿੰਡ ਭੈਣੀ ਬਾਘਾ ਵਿੱਚ ਇੱਕ ਗੋਦਾਮ ਵਿੱਚੋਂ ਸੁੱਸਰੀ ਦੇ ਘਰਾਂ ਵਿੱਚ ਵੜਨ ਕਾਰਨ ਪਿੰਡ ਵਾਸੀ ਪਰੇਸ਼ਾਨ ਹਨ। ਪਿੰਡ ਵਾਸੀਆਂ ਨੇ ਮਾਨਸਾ ਬਠਿੰਡਾ ਰੋਡ ਜਾਮ ਕਰਕੇ ਗੋਦਾਮ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਦੇ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਪਿੰਡ ਵਾਸੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮਦਦ ਨਾਲ ਬਠਿੰਡਾ-ਮਾਨਸਾ ਰੋਡ ਜਾਮ ਕੀਤਾ ਗਿਆ।
ਇਸ ਮੌਕੇ ਕਿਸਾਨ ਨੇਤਾਵਾਂ ਨੇ ਦੱਸਿਆ ਕਿ ਗੋਦਾਮ ਵਿੱਚ ਸਪਰੇਅ ਦਾ ਛਿੜਕਾਅ ਨਹੀਂ ਕੀਤਾ ਜਾਂਦਾ ਜਿਸ ਕਾਰਨ ਇਸ ਵਿੱਚੋਂ ਸੁੱਸਰੀ ਨਿਕਲ ਕੇ ਲੋਕਾਂ ਦੀਆਂ ਖਾਣ ਪੀਣ ਦੀਆਂ ਚੀਜਾਂ ਵਿੱਚ ਜਾ ਪਹੁੰਚੀ। ਇੱਥੋਂ ਤੱਕ ਕੱਪੜੇ ਅਤੇ ਬੱਚਿਆਂ ਦੇ ਪਿੰਡੇ 'ਤੇ ਵੀ ਸੁੱਸਰੀ ਚੜ੍ਹ ਜਾਂਦੀ ਹੈ ਜਿਸ ਕਾਰਨ ਪਿੰਡ ਵਾਸੀ ਪਰੇਸ਼ਾਨ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪ੍ਰਸ਼ਾਸਨ ਅਤੇ ਗੋਦਾਮ ਪ੍ਰਬੰਧਕਾਂ ਦੇ ਵੀ ਧਿਆਨ ਵਿਚ ਲਿਆ ਦਿੱਤਾ ਗਿਆ ਸੀ ਪਰ ਅਜੇ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇ ਛਤੀ ਹੀ ਸੁੱਸਰੀ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਥੇਬੰਦੀਆਂ ਦੇ ਸਹਿਯੋਗ ਨਾਲ ਬਠਿੰਡਾ-ਮਾਨਸਾ ਰੋਡ ਪੂਰਨ ਰੂਪ ਵਿਚ ਬੰਦ ਕਰ ਦੇਣਗੇ ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਉੱਧਰ ਖਰੀਦ ਇੰਸਪੈਕਟਰ ਪੁਨੀਤ ਸਿੰਗਲਾ ਨੇ ਕਿਹਾ ਕਿ ਗੋਦਾਮ ਵਿੱਚ ਛਿੜਕਾਅ ਕਰਵਾਇਆ ਜਾ ਰਿਹਾ ਹੈ ਅਤੇ ਕੁਝ ਦਿਨਾਂ ਤੱਕ ਸੁੱਸਰੀ ਖ਼ਤਮ ਹੋ ਜਾਵੇਗੀ।
ਇਹ ਵੀ ਪੜੋ:ਪਾਕਿਸਤਾਨ 'ਚ ਸਿੱਖ ਕੁੜੀ ਦਾ ਜਬਰਨ ਕਰਵਾਇਆ ਧਰਮ ਪਰਿਵਰਤਨ
ਉਨ੍ਹਾਂ ਕਿਹਾ ਕਿ ਦਵਾਈਆਂ ਮਾੜੀਆਂ ਹੋਣ ਕਾਰਨ ਸੁੱਸਰੀ 'ਤੇ ਕੋਈ ਅਸਰ ਨਹੀਂ ਹੋ ਰਿਹਾ ਜਿਸ ਕਾਰਨ ਲਗਾਤਾਰ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਗੋਦਾਮ ਵਿੱਚ ਮਜ਼ਦੂਰ ਸਪਰੇਅ ਦਾ ਛਿੜਕਾਅ ਕਰ ਰਹੇ ਹਨ ਅਤੇ ਕੁਝ ਦਿਨਾਂ ਵਿੱਚ ਹੀ ਸੁੱਸਰੀ ਖ਼ਤਮ ਹੋ ਜਾਵੇਗੀ।