ਮਾਨਸਾ : ਹਲਕਾ ਬੋਹਾ ਵਿਖੇ ਬੁਢਲਾਡਾ ਰਤੀਆ ਰਾਜ ਮਾਰਗ ਤੋਂ ਲੰਘਦੇ ਰਜਬਾਹੇ 'ਤੇ ਨਵੇਂ ਪੁੱਲ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਠੇਕੇਦਾਰਾਂ ਨੂੰ ਟੈਂਡਰ ਹੱਦ ਮੁਤਾਬਕ ਜਨਵਰੀ ਤੋਂ ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਸੀ। ਵਾਧੂ ਸਮਾਂ ਦੇਣ ਬਾਅਦ ਵੀ ਅਜੇ ਵੀ ਕੰਮ ਪੂਰਾ ਨਾ ਹੋ ਸਕਿਆ। ਇਸ ਦੇ ਚਲਦੇ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਪੁੱਲ ਦਾ ਕੰਮ ਪੂਰਾ ਹੋਣ 'ਤੇ ਨਰਾਜ਼ ਲੋਕਾਂ ਨੇ ਠੇਕੇਦਾਰ ਉੱਤੇ ਮਨਮਰਜ਼ੀ ਕਰਨ ਤੇ ਸਹੀ ਢੰਗ ਨਾਲ ਕੰਮ ਨਾ ਕਰਨ ਦੇ ਦੋਸ਼ ਲਾਏ। ਲੋਕਾਂ ਨੇ ਪ੍ਰਸ਼ਾਸਨ ਕੋਲੋਂ ਜਲਦ ਤੋਂ ਜਲਦ ਇਸ ਪੁੱਲ ਦੀ ਉਸਾਰੀ ਨੂੰ ਪੂਰਾ ਕਰਵਾਏ ਜਾਣ ਦੀ ਅਪੀਲ ਕੀਤੀ ਹੈ ਤਾਂ ਜੋ ਲੋਕਾਂ ਲਈ ਆਵਾਜਾਈ ਸੁਖਾਲੀ ਹੋ ਸਕੇ। ਉਨ੍ਹਾਂ ਦੱਸਿਆ ਕਿ ਇਹ ਰਜਬਾਹਾ ਇਹ ਪੰਜਾਬ ਤੇ ਹਰਿਆਣਾ ਸੂਬੇ ਸਣੇ ਇਲਾਕੇ ਦੇ ਕਈ ਪਿੰਡਾਂ ਨੂੰ ਆਪਸ 'ਚ ਜੋੜਦਾ ਹੈ। ਇਥੇ ਇੱਕੋ ਰਾਹ ਤੇ ਆਵਾਜਾਈ ਠੱਪ ਹੋਣ ਦੇ ਚਲਦੇ ਉਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸਮੇਂ ਸਿਰ ਪੁੱਲ ਦੀ ਉਸਾਰੀ ਨਾ ਹੋਣ ਦੇ ਚਲਦੇ ਲੋਕ ਪਰੇਸ਼ਾਨ ਹਨ। ਜਿਹੜਾ ਕੰਮ ਮਾਰਚ ਵਿੱਚ ਪੂਰਾ ਹੋਣਾ ਚਾਹੀਦਾ ਸੀ ਉਹ ਅਜੇ ਤੱਕ ਅੜਿਆ ਹੋਇਆ ਹੈ। ਕੰਮ ਪੂਰਾ ਨਾਂ ਹੋਣ ਦੇ ਚਲਦੇ ਦੋ ਸੂਬਿਆਂ ਨੂੰ ਜੋੜਨ ਵਾਲੇ ਰਸਤੇ ਦੀ ਆਵਾਜਾਈ ਪ੍ਰਭਾਵਤ ਹੋ ਰਹੀ ਹੈ। ਉਨ੍ਹਾਂ ਵੱਲੋਂ ਇਹ ਮੁੱਦਾ ਕਈ ਵਾਰ ਵਿਧਾਨ ਸਭਾ 'ਚ ਚੁੱਕਿਆ ਗਿਆ ਹੈ ਪਰ ਕੋਈ ਫਾਇਦਾ ਨਹੀਂ ਹੋਇਆ। ਬੁੱਧ ਰਾਮ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਤੇ ਧਰਨਾ ਦੇਣ ਦੀ ਚੇਤਾਵਨੀ ਦਿੱਤੀ।
ਇਸ ਬਾਰੇ ਲੋਕ ਨਿਰਮਾਣ ਦੇ ਐਸਡੀਓ ਮਨੋਜ ਕੁਮਾਰ ਨੇ ਕਿਹਾ ਕਿ ਉਹ ਪੁੱਲ ਦਾ ਕੰਮ ਖ਼ਤਮ ਕਰਨ ਲਈ ਨਹਿਰੀ ਵਿਭਾਗ ਵੱਲੋਂ ਪਾਣੀ ਸਪਲਾਈ ਬੰਦ ਕਰਨ ਦੀ ਉਡੀਕ ਕਰ ਰਹੇ ਸਨ ਪਰ ਰਜਬਾਹੇ ਵਿੱਚ ਪਾਣੀ ਛੱਡ ਦਿੱਤੇ ਜਾਣ ਕਾਰਨ ਦਿੱਕਤ ਪੇਸ਼ ਆ ਰਹੀ ਹੈ। ਉਨ੍ਹਾਂ ਆਖਿਆ ਕਿ ਜੇਕਰ ਪਾਣੀ ਦੀ ਸਪਲਾਈ ਬੰਦ ਹੋ ਜਾਵੇਗੀ ਤਾਂ ਉਹ ਜਲਦ ਤੋਂ ਜਲਦ ਪੁੱਲ ਦਾ ਕੰਮ ਨਿਪਟਾ ਦੇਣਗੇ।