ਮਾਨਸਾ: ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਲਈ ਕੀਤੇ ਬੰਦੋਬਸਤਾਂ ਵਿੱਚ ਕੰਬਾਈਨਾਂ 'ਤੇ ਐੱਸ.ਐੱਮ.ਐੱਸ. ਪ੍ਰਣਾਲੀ ਹਰ ਹਾਲ ਲਾਉਣ ਦੀ ਸ਼ਰਤ ਨੇ ਕੰਬਾਈਨ ਮਾਲਕਾਂ ਲਈ ਸੰਕਟ ਖੜ੍ਹਾ ਕਰ ਦਿੱਤਾ ਹੈ। ਪਰ ਕੰਬਾਈਨ ਮਾਲਕ ਇਸ ਐੱਸ.ਐੱਮ.ਐੱਸ. ਨੂੰ ਮਸ਼ੀਨਾਂ ਉੱਪਰ ਨਾ ਲਵਾਉਣ 'ਤੇ ਅੜ੍ਹ ਗਏ ਹਨ। ਜਿਸ ਕਰਕੇ ਕੰਬਾਈਨ ਮਾਲਕਾਂ ਨੇ ਬਠਿੰਡਾ ਰੋਡ ਜਾਮ ਕਰਕੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ।
ਕੰਬਾਈਨ ਮਾਲਕਾਂ ਨੇ ਕਿਹਾ ਕਿ ਜਦੋਂ ਸਰਕਾਰ ਉਨ੍ਹਾਂ ਦੇ ਇਸ ਮਸਲੇ ਦਾ ਹੱਲ ਨਹੀਂ ਕਰਦੀ, ਉਹ ਰੋਡ ਉੱਪਰ ਹੀ ਧਰਨਾ ਲਗਾ ਕੇ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰਦੇ ਰਹਿਣਗੇ। ਕੰਬਾਈਨ ਮਾਲਕ ਚਮਕੌਰ ਸਿੰਘ ਨੇ ਦੱਸਿਆ ਕਿ ਮਸ਼ੀਨਾਂ ਉੱਪਰ ਐੱਸ.ਐੱਮ.ਐੱਸ. ਨਾ ਲਗਾਉਣ ਨੂੰ ਲੈ ਕੇ ਬਠਿੰਡਾ-ਮਾਨਸਾ ਰੋਡ 'ਤੇ 600 ਦੇ ਕਰੀਬ ਕੰਬਾਈਨਾਂ ਖੜ੍ਹੀਆਂ ਕਰਕੇ ਉਹ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਕਟਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਪਰ ਸਰਕਾਰ ਦੇ ਅਜਿਹੇ ਫਰਮਾਨਾਂ ਨਾਲ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਐੱਸ.ਐੱਮ.ਐੱਸ. ਪ੍ਰਣਾਲੀ ਕੰਬਾਈਨ ਵਿੱਚ ਲਗਾ ਦਿੱਤੀ ਜਾਂਦੀ ਹੈ ਤਾਂ ਡੀਜ਼ਲ ਤੀ ਖ਼ਪਤ ਵਧ ਜਾਂਦੀ ਹੈ ਪਰ ਕਿਸਾਨਾਂ ਵੱਲੋਂ ਕੋਈ ਵਾਧੂ ਕਿਰਾਇਆ ਨਹੀਂ ਦਿੱਤਾ ਜਾਂਦਾ, ਇਸ ਲਈ ਕੰਬਾਈਨ ਮਾਲਕਾਂ ਲਈ ਇਹ ਘਾਟੇ ਦਾ ਸੌਦਾ ਹੈ।
ਉਨ੍ਹਾਂ ਕਿਹਾ ਕਿ ਉਹ ਜੇਕਰ ਇੰਨੀਆਂ ਮਹਿੰਗੀਆਂ ਮਸ਼ੀਨਾਂ ਖਰੀਦ ਸਕਦੇ ਹਨ ਤਾਂ ਉਨ੍ਹਾਂ ਨੂੰ 70 ਹਜ਼ਾਰ ਰੁਪਏ ਦਾ ਐੱਸ.ਐੱਮ.ਐੱਸ. ਲਗਾਉਣ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਪਰ ਇਸ ਦੇ ਨਾਲ ਉਨ੍ਹਾਂ ਦੇ ਹੋਰ ਵੀ ਖਰਚੇ ਵਧ ਜਾਂਦੇ ਹਨ। ਕੰਬਾਈਨ ਮਾਲਕਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਤਾਂ ਉਹ ਆਉਣ ਵਾਲੇ ਦਿਨਾਂ 'ਚ ਸਰਕਾਰ ਦੇ ਖਿਲਾਫ਼ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨਗੇ।