ਮਾਨਸਾ: ਤਬਲੀਗੀ ਜਮਾਤ ਵਿੱਚ ਸ਼ਾਮਲ ਹੋ ਕੇ ਬੁਢਲਾਡਾ ਪਹੁੰਚੇ ਮੁਸਲਿਮ ਭਾਈਚਾਰੇ ਦੇ 11 ਲੋਕਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਸਿਵਲ ਹਸਪਤਾਲ ਮਾਨਸਾ 'ਚੋਂ ਇੱਕ ਕੋਰੋਨਾ ਮਰੀਜ਼ ਨੂੰ ਛੁੱਟੀ ਮਿਲ ਗਈ ਹੈ। ਮਰੀਜ਼ ਨੂੰ ਸਿਵਲ ਹਸਪਤਾਲ ਵਿੱਚੋਂ ਫੁੱਲਾਂ ਦੀ ਵਰਖਾ ਤੇ ਗੁਲਦਸਤੇ ਦੇ ਕੇ ਡਿਪਟੀ ਕਮਿਸ਼ਨਰ, ਸਿਵਲ ਸਰਜਨ ਤੇ ਐਸਐਸਪੀ ਮਾਨਸਾ ਵੱਲੋਂ ਵਿਦਾਈ ਦਿੱਤੀ ਗਈ। ਇਸ ਦੇ ਨਾਲ ਹੀ ਹਸਪਤਾਲ ਦੇ ਸਟਾਫ਼ ਵੱਲੋਂ ਤਾੜੀਆਂ ਮਾਰ ਕੇ ਉਸ ਦਾ ਸਵਾਗਤ ਕੀਤਾ ਗਿਆ।
ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੁਣ ਤੱਕ ਮਾਨਸਾ ਜ਼ਿਲ੍ਹੇ 'ਚੋਂ 271 ਲੋਕਾਂ ਦੇ ਸੈਂਪਲ ਲਏ ਗਏ ਸਨ ਜਿਨ੍ਹਾਂ ਵਿੱਚੋਂ 11 ਲੋਕਾਂ ਦੀ ਰਿਪੋਰਟ ਪੌਜ਼ੀਟਿਵ ਆਈ ਸੀ ਜਿਨ੍ਹਾਂ ਵਿੱਚੋਂ ਇੱਕ ਮਹਿਲਾ ਦੀ ਰਿਪੋਰਟ ਦੋ ਵਾਰ ਨੈਗਟਿਵ ਆਉਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਮਾਨਸਾ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਕੋਲ ਸਿਵਲ ਹਸਪਤਾਲ ਵਿੱਚ 10 ਪੌਜ਼ੀਟਿਵ ਮਰੀਜ਼ ਹਨ ਜੋ ਬਿਲਕੁਲ ਤੰਦਰੁਸਤ ਹਨ ਅਤੇ ਜਲਦ ਹੀ ਉਨ੍ਹਾਂ ਨੂੰ ਵੀ ਛੁੱਟੀ ਦੇ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਕੋਵਿਡ-19 ਮਰੀਜ਼ਾਂ ਦਾ ਇਲਾਜ ਕਰ ਰਹੀ ਆਪਣੀ ਧੀ ਉੱਤੇ ਮਾਣ: ਮਿਲਖਾ ਸਿੰਘ
ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਤਬਲੀਗੀ ਜਮਾਤ 'ਚੋਂ ਸ਼ਾਮਲ ਹੋ ਕੇ ਬੁਢਲਾਡਾ ਪਹੁੰਚੇ 11 ਲੋਕਾਂ ਦੀ ਰਿਪੋਰਟ ਪੌਜ਼ੀਟਿਵ ਆਈ ਸੀ, ਜਿਨ੍ਹਾਂ ਵਿੱਚੋਂ ਇੱਕ ਮਹਿਲਾ ਦੀ ਰਿਪੋਰਟ 2 ਵਾਰ ਨੈਗੇਟਿਵ ਆਉਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਮਾਨਸਾ ਵਿੱਚੋਂ ਪੂਰੇ ਮਾਨ-ਸਨਮਾਨ ਨਾਲ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਜਲਦ ਹੀ ਹੋਰ ਵੀ ਪੌਜ਼ੀਟਿਵ ਮਰੀਜ਼ ਤੰਦਰੁਸਤ ਹੋਣਗੇ।