ਮਾਨਸਾ: ਕਣਕ ਦੀ ਖਰੀਦ ਤੇ ਬਾਰਦਾਨੇ ਦੀ ਸਮੱਸਿਆ ਦੇ ਕਾਰਨ ਹਰ ਦਿਨ ਕਿਸਾਨ ਸੜਕਾਂ ਉਪਰ ਜਾਮ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਦਲੇਲਵਾਲਾ ਦੀ ਅਨਾਜ ਮੰਡੀ ਵਿੱਚ ਓਲੰਪੀਅਨ ਰੋਇੰਗ ਖਿਡਾਰੀ ਸਵਰਨ ਵਿਰਕ ਵੀ ਪਿਛਲੇ 6 ਦਿਨਾਂ ਤੋਂ ਕਣਕ ਦੀ ਖਰੀਦ ਨਾ ਹੋਣ ਕਾਰਨ ਪ੍ਰੇਸ਼ਾਨ ਹੋ ਰਿਹੈ।
ਖਿਡਾਰੀ ਸਵਰਨ ਵਿਰਕ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਚੌਵੀ ਘੰਟਿਆਂ ਵਿੱਚ ਕਣਕ ਦੀ ਖ਼ਰੀਦ ਕਰਕੇ ਕਿਸਾਨਾਂ ਨੂੰ ਪੇਮੈਂਟ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਓਲੰਪੀਅਨ ਰੋਇੰਗ ਖਿਡਾਰੀ ਸਵਰਨ ਵਿਰਕ ਨੇ ਕਿਹਾ ਕਿ ਪਿਛਲੇ 6 ਦਿਨਾਂ ਤੋਂ ਉਹ ਆਪਣੇ ਪਿੰਡ ਦੀ ਅਨਾਜ ਮੰਡੀ ਵਿੱਚ ਰੁਲ ਰਿਹਾ ਹੈ ਅਤੇ ਉਸ ਦੀ ਕਣਕ ਦੀ ਨਾ ਤਾਂ ਬੋਲੀ ਲਗਾਈ ਜਾ ਰਹੀ ਹੈ ਤੇ ਨਾ ਹੀ ਮੰਡੀ ਦੇ ਵਿੱਚ ਬਾਰਦਾਨੇ ਦਾ ਪ੍ਰਬੰਧ ਹੈ।
ਉਸ ਦੇ ਨਾਲ ਹੋਰ ਵੀ ਬਹੁਤ ਕਿਸਾਨ ਮੰਡੀਆਂ ਵਿੱਚ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਬੋਲੀ ਲਗਾਉਣ ਸੰਬੰਧੀ ਜਦੋਂ ਖਰੀਦ ਇੰਸਪੈਕਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਬੁਢਲਾਡਾ ਮੰਡੀ ਵਿੱਚ ਬਾਰਦਾਨਾ ਆਉਣ ਦੀ ਗੱਲ ਕਹੀ ਹੈ ਤੇ ਕੱਲ੍ਹ ਖਰੀਦ ਕਰਵਾਉਣ ਦਾ ਭਰੋਸਾ ਦਿੱਤਾ ਹੈ, ਪਰ ਅਜੇ ਤੱਕ ਵੀ ਮੰਡੀ ਦੇ ਵਿੱਚ ਉਨ੍ਹਾਂ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ।
ਉਧਰ ਜ਼ਿਲ੍ਹਾ ਮੰਡੀ ਅਫ਼ਸਰ ਰਜਨੀਸ਼ ਗੋਇਲ ਨੇ ਕਿਹਾ ਕਿ ਵੱਖ ਵੱਖ ਮੰਡੀਆਂ ਵਿੱਚ ਕਣਕ ਦੀ ਆਮਦ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਓਲੰਪੀਅਨ ਖਿਡਾਰੀ ਸਵਰਨ ਵਿਰਕ ਪਿੰਡ ਦਲੇਲਵਾਲਾ ਦਾ ਮਾਮਲਾ ਵੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ, ਜਿਸ ਸਬੰਧੀ ਉਨ੍ਹਾਂ ਵਲੋਂ ਪਨਗਰੇਨ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਤੇ ਇਸ ਸਮੱਸਿਆ ਦਾ ਹੱਲ ਜਲਦ ਹੀ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਭਾਰਤ ਬਾਇਓਟੈਕ ਨੇ 'ਕੋਵੈਕਸੀਨ' ਦੀ ਕੀਮਤ ਤੈਅ ਕੀਤੀ, ਜਾਣੋ ਤੁਹਾਨੂੰ ਕਿੰਨਾ ਭੁਗਤਾਨ ਕਰਨਾ ਪਏਗਾ