ਚੰਡੀਗੜ੍ਹ : ਮਰਹੂਮ ਗਾਇਕ ਮੂਸੇਵਾਲਾ ਦੀ ਅੱਜ ਪਹਿਲੀ ਬਰਸਮੀ ਮਨਾਈ ਗਈ। ਇਸ ਦੌਰਾਨ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਹੋਈ। ਸਮਾਗਮਾਂ ਵਿਚ ਕਈ ਸਿਆਸੀ ਆਗੂ ਵੀ ਸ਼ਾਮਲ ਹੋਏ। ਇਸ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੰਬੋਧਨ ਕਰਦਿਆਂ ਪਹੁੰਚੀ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਂ ਕੱਲ੍ਹ ਤੋਂ ਬਹੁਤ ਚਿੰਤਾ ਵਿਚ ਸੀ ਕਿ ਪ੍ਰਸ਼ਾਸਨ ਨੇ ਇੰਟਰਨੈੱਟ ਬੰਦ ਕਰ ਦਿੱਤਾ ਹੈ ਸਮਾਗਮ ਸਫ਼ਲ ਕਿਵੇਂ ਹੋਵੇਗਾ, ਪਰ ਸਤਿਗੁਰੂ ਦੀ ਮਿਹਰ ਸਦਕਾ ਮੇਰੇ ਆਪਣੇ ਖਦਸ਼ੇ ਗਲਤ ਸਾਬਤ ਹੋਏ ਤੇ ਤੁਹਾਡੇ ਵਿਸ਼ਾਲ ਇਕੱਠ ਨੇ ਮੇਰੇ ਪੁੱਤਰ ਦੀ ਆਤਮਾ ਨੂੰ ਸ਼ਾਂਤੀ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ 25 ਸਾਲ ਪਹਿਲਾਂ ਮੈਂ ਆਪਣੇ ਪੁੱਤਰ ਨੂੰ ਸਕੂਲ ਛੱਡਣ ਗਿਆ ਪਰ ਸ਼ੁਭ ਨੇ ਜ਼ਿੱਦ ਕੀਤੀ ਪਰ ਮੈਂ ਉਸ ਨੂੰ ਛੱਡ ਕੇ ਆ ਗਿਆ, ਉਹ ਮੈਨੂੰ ਆਵਾਜ਼ਾਂ ਮਾਰਦਾ ਰਿਹਾ ਪਰ ਮੈਂ ਘਰ ਪਰਤ ਆਇਆ, ਉਸੇ ਤਰ੍ਹਾਂ ਦਾ ਅਹਿਸਾਸ ਅੱਜ ਮੈਨੂੰ ਹੋ ਰਿਹਾ ਹੈ, ਮੈਂ ਉਸ ਨੂੰ ਆਵਾਜ਼ਾਂ ਮਾਰ ਰਿਹਾ ਪਰ ਉਹ ਪਰਤ ਨਹੀਂ ਰਿਹਾ।
ਲਾਰੈਂਸ ਦੀ ਇੰਟਰਵਿਊ ਉਤੇ ਬੋਲੇ ਬਲਕੌਰ ਸਿੰਘ : ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੇ ਬੋਲਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਇਸ ਘਿਣੌਨੇ ਕੰਮ ਨੇ ਮੇਰੇ ਪੁੱਤਰ ਨੂੰ ਦੁਬਾਰਾ ਮਾਰ ਦਿੱਤਾ ਹੈ। ਲਾਰੈਂਸ ਦੀ ਇੰਟਰਵਿਊ ਵਿਚ ਉਸ ਨੇ ਬੜੀ ਬੇਬਾਕੀ ਨਾਲ ਕਿਹਾ ਸੀ ਕਿ ਅਸੀਂ ਇਥੋਂ ਇਨਸਾਫ ਦੀ ਉਮੀਦ ਨਹੀਂ ਰੱਖਦੇ, ਅਸੀਂ ਸਲਮਾਨ ਖਾਨ ਦਾ ਹਿਸਾਬ ਖੁਦ ਕਰਾਂਗੇ। ਸਾਰੀ ਵੀਡੀਓ ਵਿਚ ਉਸ ਨੇ ਸਮੁੱਚੇ ਭਾਰਤ ਦੀ ਨਿਆਂਪਾਲਕਾ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ ਕਿ ਮੇਰੇ ਪੱਲੇ ਕੀ ਹੈ ਮੈਂ ਸਿਆਸਤ ਵਿਚ ਆ ਕੇ ਕੀ ਲੈਣਾ। ਉਨ੍ਹਾਂ ਸਰਕਾਰ ਉਤੇ ਵਰ੍ਹਦਿਆਂ ਕਿਹਾ ਕਿ ਅੱਜ ਹੀ ਕਿਉਂ ਅੰਮ੍ਰਿਤਪਾਲ ਖਿਲਾਫ ਕਾਰਵਾਈ, ਅੱਜ ਹੀ ਕਿਉਂ ਇੰਟਰਨੈੱਟ ਬੰਦ, ਅੱਜ ਹੀ ਕਿਉਂ ਬੱਸਾਂ ਬੰਦ। ਉਨ੍ਹਾਂ ਕਿਹਾ ਸਰਕਾਰ ਸਾਡੀ ਆਵਾਜ਼ ਨੂੰ ਕਿੰਨੀ ਕੁ ਦਬਾ ਸਕਦੀ ਹੈ।
ਇਹ ਵੀ ਪੜ੍ਹੋ :Moosewala Death Anniversary Updates : ਮੂਸੇਵਾਲਾ ਦੇ ਬਰਸੀ ਸਮਾਗਮ 'ਚ ਪਹੁੰਚਣੀ ਸ਼ੁਰੂ ਹੋਈ ਸੰਗਤ, ਦੇਖੋ ਮੌਕੇ ਦੀਆਂ ਤਸਵੀਰਾਂ
ਸਾਡੀ ਮੰਗ ਕੋਈ ਗੈਰ ਕਾਨੂੰਨੀ ਨਹੀਂ : ਸਾਨੂੰ ਸਰਕਾਰ ਇੰਨਾ ਕੁ ਮਜਬੂਰ ਨਾ ਕਰੇ ਕਿ ਸਾਨੂੰ ਵਿਧਾਨ ਸਭਾ ਦੇ ਗੇਟ ਅੱਗੇ ਜਾ ਕੇ ਬੈਠਣਾ ਪਵੇ। ਸਾਡੀ ਮੰਗ ਕੋਈ ਗੈਰ ਕਾਨੂੰਨੀ ਨਹੀਂ। ਸਰਕਾਰ ਕਾਰਵਾਈ ਕਰੇ ਮੈਨੂੰ ਸਿਟ ਉਤੇ ਸੌ ਫੀਸਦੀ ਭਰੋਸਾ ਹੈ ਪਰ ਇਸ ਕੰਮ ਵਾਸਤੇ ਤੁਸੀਂ 11 ਮਹੀਨੇ ਲੰਘਾ ਦਿੱਤੇ, ਇਸ ਨੂੰ ਕੀ ਸਮਝਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡਾ ਬਾਹਰ ਬੈਠਿਆਂ ਦਾ ਇੰਟਰਨੈੱਟ ਬੰਦ ਹੈ ਪਰ ਗੈਂਗਸਟਰਾਂ ਦਾ ਇੰਟਰਨੈੱਟ ਜੇਲ੍ਹ ਵਿਚ ਚੱਲ ਰਿਹਾ ਹੈ। ਗੈਂਗਸਟਰ ਸ਼ਰੇਆਮ ਜੇਲ੍ਹ ਵਿਚੋਂ ਵੀਡੀਓ ਬਣਾ ਕੇ ਵਾਇਰਲ ਕਰਦੇ ਹਨ ਤੇ ਕਹਿੰਦੇ ਹਨ ਕਿ ਸਿੱਧੂ ਮਾਰਿਆਂ ਅਸੀਂ ਮਾਰਿਆ। ਸਰਕਾਰ ਨੇ ਨਾ ਹੀ ਉਸ ਖਿਲਾਫ ਕੋਈ ਕਾਰਵਾਈ ਕੀਤੀ ਤੇ ਨਾ ਇੰਟਰਵਿਊ ਲੈਣ ਵਾਲੇ ਖਿਲਾਫ। ਸਰਕਾਰ ਉਸ ਗੈਂਗਸਟਰ ਨੂੰ ਨੈਸ਼ਲਿਸਟ ਬਣਾ ਰਹੀ ਹੈ।
ਇਹ ਵੀ ਪੜ੍ਹੋ : Khalsa Vehir Program Canceled : ਸ੍ਰੀ ਮੁਕਤਸਰ ਸਾਹਿਬ ਵਿੱਚ ਹੋਣ ਵਾਲਾ ਖਾਲਸਾ ਵਹੀਰ ਪ੍ਰੋਗਰਾਮ ਰੱਦ
ਅਮਿਤ ਸ਼ਾਹ ਦੇ ਥਾਪੜੇ ਤੋਂ ਬਾਅਦ ਸਰਕਾਰ ਨੇ ਕੀਤੀ ਅੰਮ੍ਰਿਤਪਾਲ ਖਿਲਾਫ ਕਾਰਵਾਈ : ਬਲਕੌਰ ਸਿੰਘ ਨੇ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਨੂੰ ਦਿੱਲੀ ਕੋਲ ਗਹਿਣੇ ਰੱਖ ਦਿੱਤਾ ਹੈ। ਇਨ੍ਹਾਂ ਦੇ ਕਿਸੇ ਮੰਤਰੀ ਕੋਲ ਨਾ ਹੀ ਮੁੱਖ ਮੰਤਰੀ ਕੋਲ ਇੰਨੀ ਹਿੰਮਤ ਕਿ ਕਿਸੇ ਖਿਲਾਫ ਖੁੱਲ੍ਹ ਕੇ ਕਾਰਵਾਈ ਕਰ ਸਕੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੱਲ੍ਹ ਮੋਗੇ ਵਾਲੀ ਕਾਰਵਾਈ ਵੀ ਅਮਿਤ ਸ਼ਾਹ ਦੇ ਥਾਪੜੇ ਤੋਂ ਬਾਅਦ ਭਗਵੰਤ ਮਾਨ ਨੇ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ। ਬੀਤੇ ਦਿਨੀਂ ਮਾਨਸਾ ਵਿਖੇ ਬੱਚੇ ਦੇ ਹੋਏ ਕਤਲ ਉਤੇ ਬੋਲਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੀ ਪੰਜਾਬ ਸਰਕਾਰ।
ਇਹ ਵੀ ਪੜ੍ਹੋ : Operation Amritpal: ਅੰਮ੍ਰਿਤਪਾਲ 'ਤੇ ਕਾਰਵਾਈ ਦਾ ਮਾਮਲਾ, ਸੂਬੇ ਭਰ 'ਚ ਕੱਢੇ ਜਾ ਰਹੇ ਫਲੈਗ ਮਾਰਚ
ਮੂਸੇਵਾਲਾ ਦੇ ਪੁਰਾਣੇ ਸਾਥੀਆਂ ਦਾ ਜ਼ਿਕਰ : ਮੂਸੇਵਾਲਾ ਦੇ ਪੁਰਾਣੇ ਸਾਥੀ ਜੋਤੀ ਤੇ ਕੰਵਰ ਬਾਰੇ ਬੋਲਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਸਾਡਾ ਇਕ ਕਰੋੜ ਰੁਪਿਆ ਜੋਤੀ ਖਾ ਗਿਆ ਤੇ ਵਿਦੇਸ਼ਾਂ ਦੇ ਟੂਰ ਕੰਵਰ ਖਾ ਗਿਆ। ਬਹੁਤ ਜੱਦੋਜ਼ਹਿਦ ਮਗਰੋਂ ਅਸੀਂ ਇਨ੍ਹਾਂ ਦੋਵਾਂ ਕੋਲੋਂ ਖਹਿੜਾ ਛੁਡਾਇਆ। ਪਿੱਛੇ ਲੱਗੀ ਗੁੰਡਿਆਂ ਦੀ ਫੌਜ ਕਾਰਨ ਉਸ ਨੇ ਸਿਆਸਤ ਵਿਚ ਪੈਰ ਰੱਖਿਆ ਸੀ। ਮੀਡੀਆ ਨੇ ਵੀ ਮੇਰੇ ਪੁੱਤ ਦੀ ਮੌਤ ਤਕ ਕੋਈ ਘੱਟ ਨਹੀਂ ਕੀਤੀ। ਮੇਰੇ ਪੁੱਤ ਦੀ ਮੌਤ ਉਤੇ ਵੀ ਮੀਡੀਆ ਨੇ ਵਿਵਾਦਤ ਗਾਇਕ ਦੀ ਮੌਤ ਦਾ ਤਮਗਾ ਦਿੱਤਾ ਸੀ। ਬਲਕੌਰ ਸਿੰਘ ਨੇ ਕਿਹਾ ਕਿ ਮੇਰੇ ਪੁੱਤਰ ਉਤੇ ਪਹਿਲਾ ਪਰਚਾ ਕੈਪਟਨ ਦੇ ਸਮੇਂ ਐੱਸਡੀ ਜਗਦੀਪ ਸਿੱਧੂ ਦੇ ਕਹਿਣ ਉਤੇ ਹੋਇਆ ਸੀ, ਮੇਰੇ ਦੋਸਤ ਨੂੰ ਵੀ ਉਸ ਨੇ ਕਿਹਾ ਸੀ ਕਿ ਇਹ ਸ਼ਲਾਰੂ ਨੂੰ ਹਟਾ ਲਓ ਨਹੀਂ ਤਾਂ ਔਖਾ ਹੋਵੇਗਾ।
ਇਹ ਵੀ ਪੜ੍ਹੋ : Moosewala Death Anniversary Updates : ਮੂਸੇਵਾਲਾ ਦੇ ਬਰਸੀ ਸਮਾਗਮ 'ਚ ਪਹੁੰਚਣੀ ਸ਼ੁਰੂ ਹੋਈ ਸੰਗਤ, ਦੇਖੋ ਮੌਕੇ ਦੀਆਂ ਤਸਵੀਰਾਂ
ਅਸੀਂ ਆਜ਼ਾਦ ਦੇਸ਼ ਦੇ ਗੁਲਾਮ ਵਾਸੀ ਹਾਂ : ਚਰਨ ਕੌਰ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਭੁਲੇਖੇ ਵਿਚ ਨਾ ਰਹੀਏ ਕਿ ਅਸੀਂ ਆਜ਼ਾਦ ਹਾਂ ਅਸੀਂ ਆਜ਼ਾਦ ਦੇਸ਼ ਦੇ ਗੁਲਾਮ ਵਾਸੀ ਹਾਂ। ਗੈਂਗਸਟਰ ਜੇਲ੍ਹਾਂ ਵਿਚ ਬੈਠ ਕੇ ਲੋਕਾਂ ਦੀਆਂ ਮੌਤਾਂ ਦੇ ਫੁਰਮਾਨਾਂ ਉਤੇ ਦਸਤਖਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਖਿਲਾਫ ਅਜਨਾਲੇ ਵਾਲੇ ਕਾਂਡ ਸਮੇਂ ਕਿਉਂ ਨਹੀਂ ਹੋਈ, ਸਾਡੇ ਪੁੱਤ ਦੀ ਬਰਸੀ ਮੌਕੇ ਹੀ ਇਹ ਸਭ ਕਿਉਂ। ਮੇਰੇ ਪੁੱਤਰ ਉਤੇ ਇਲਜ਼ਾਮ ਲੱਗ ਰਹੇ ਹਨ ਕਿ ਸਿੱਧੂ ਨੇ ਲੁਧਿਆਣੇ ਕਤਲ ਕੀਤਾ, ਜੇਕਰ ਸਾਡੇ ਪੁੱਤਰ ਦਾ 1 ਫੀਸਦ ਵੀ ਕਸੂਰ ਹੋਵੇ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ। ਜਦੋਂ ਸਿੱਧੂ ਜਿਊਂਦਾ ਸੀ ਉਦੋਂ ਮੇਰੇ ਪੁੱਤ ਦੀਆਂ ਹਰ ਕੋਈ ਲੱਤਾਂ ਖਿੱਚਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਕਾਰਨ ਅੱਧੀ ਸੰਗਤ ਹੀ ਸਮਾਗਮ ਵਿਚ ਹਾਜ਼ਰ ਹੋ ਸਕੀ, ਸਿੱਧੂ ਨੂੰ ਚਾਹੁਣ ਵਾਲਿਆਂ ਨੂੰ ਪੁਲਿਸ ਨੇ ਅੱਧ ਵਿਚਾਲਿਓਂ ਹੀ ਵਾਪਸ ਭੇਜ ਦਿੱਤਾ। ਬਿਸ਼ਨੋਈ ਕੌਣ ਹੁੰਦੈ ਮੇਰੇ ਪੁੱਤ ਉਤੇ ਇਲਜ਼ਾਮ ਲਾਉਣ ਵਾਲਾ ਕਿ ਉਸ ਨੇ ਲੁਧਿਆਣਾ ਵਿਚ ਕਤਲ ਕੀਤਾ। ਸਾਰੇ ਅਫਸਰ ਜਿਊਂਦੇ ਹਨ, ਦੁਬਾਰਾ ਫਾਈਲਾਂ ਖੋਲ੍ਹ ਲਵੋ।