ਮਾਨਸਾ: ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੋਲ ਹਨ ਕਿ 'ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੇ ਗੱਲਾਂ ਕਰਨੀਆਂ ਢੇਰ ਸੁਖਾਲ਼ੀਆਂ ਨੇ, ਜਿਨ੍ਹਾਂ ਦੇਸ਼ ਸੇਵਾ 'ਚ ਪੈਰ ਪਾਇਆ ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।" ਕੁਝ ਇਸੇ ਦੀ ਮਿਸਾਲ ਕਾਇਮ ਕਰ ਰਹੇ ਜ਼ਿਲ੍ਹਾ ਮਾਨਸਾ ਦੇ ਪਿੰਡ ਨੰਗਲ ਕਲਾਂ ਨੇ ਨੌਜਵਾਨ ਜੋ ਦੇਸ਼ ਦੀ ਸੇਵਾ ਲਈ ਫੌਜ ਵਿੱਚ ਭਰਤੀ ਹੋਣ ਲਈ ਦਿਨ ਰਾਤ ਸਖ਼ਤ ਮਿਹਨਤ ਕਰ ਰਹੇ ਹਨ। ਪਿੰਡ ਦੇ ਖੇਡ ਮੈਦਾਨ 'ਚ ਸਾਬਕਾ ਫੌਜੀ ਬਲਵਿੰਦਰ ਸਿੰਘ ਦੀ ਨਿਗਰਾਨੀ 'ਚ ਆਪਣਾ ਪਸੀਨਾ ਵਹਾਅ ਨੌਜਵਾਨ ਕੀ ਸਰੀਰਕ ਤੌਰ 'ਤੇ ਫੌਜ ਦੀ ਭਰਤੀ ਲਈ ਮਿਹਨਤ ਕਰਦੇ ਹਨ।
ਬੇਸ਼ੱਕ ਸਰਹੱਦਾਂ 'ਤੇ ਮੌਤ ਨੱਚਦੀ ਹੈ ਪਰ ਫਿਰ ਵੀ ਨੌਜਵਾਨਾਂ ਦੇ ਦਿਲਾਂ ਚੋਂ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਇਨ੍ਹਾਂ ਨੌਜਵਾਨਾਂ ਦਾ ਸੁਪਨਾ ਵੀ ਫ਼ੌਜ ਵਿੱਚ ਭਰਤੀ ਹੋਣ ਦਾ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਜਿੱਥੇ ਉਹ ਫ਼ੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਗੇ ਉੱਥੇ ਹੀ ਆਪਣੇ ਘਰ ਦੀਆਂ ਆਰਥਿਕ ਤੰਗੀਆਂ ਨੂੰ ਵੀ ਦੂਰ ਕਰ ਸਕਣਗੇ।
ਨੌਜਵਾਨਾਂ ਨੂੰ ਮਿਹਨਤ ਕਰਵਾ ਰਿਹਾ ਹੈ ਸਾਬਕਾ ਫੌਜੀ
ਸਾਬਕਾ ਫੌਜੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਨੰਗਲ ਕਲਾਂ ਦੇ ਸਟੇਡੀਅਮ 'ਚੋਂ ਸਵੇਰੇ ਸ਼ਾਮ ਸੈਂਕੜਿਆਂ ਦੀ ਤਾਦਾਦ 'ਚ ਨੌਜਵਾਨ ਫ਼ੌਜ ਵਿੱਚ ਭਰਤੀ ਹੋਣ ਦੇ ਲਈ ਤਿਆਰੀ ਕਰ ਰਹੇ ਹਨ। ਇਨ੍ਹਾਂ ਨੌਜਵਾਨਾਂ ਨੂੰ ਭਰਤੀ ਹੋਣ ਦੇ ਲਈ ਸਾਬਕਾ ਫੌਜੀ ਬਲਵਿੰਦਰ ਸਿੰਘ ਤਿਆਰੀ ਕਰਵਾ ਰਹੇ ਹਨ। ਜਿੱਥੇ ਇਨ੍ਹਾਂ ਨੌਜਵਾਨਾਂ ਨੂੰ ਫੌਜ ਵਿੱਚ ਹੋਣ ਲਈ ਸਰੀਰਕ ਤੌਰ 'ਤੇ ਤਿਆਰ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਨੌਜਵਾਨਾਂ ਨੂੰ ਲਿਖਤੀ ਪੇਪਰ ਸਬੰਧੀ ਵੀ ਕਲਾਸਾਂ ਲਗਾ ਕੇ ਜਾਣਕਾਰੀ ਦਿੱਤੀ ਜਾ ਰਹੀ ਹੈ। ਬਲਵਿੰਦਰ ਸਿੰਘ ਨੇ ਦੱਸਿਆ 100 ਤੋਂ ਵੱਧ ਨੌਜਵਾਨ ਪਿੰਡ ਨੰਗਲ ਕਲਾਂ, ਕੋਟ ਧਰਮੂ, ਭੰਮੇ ਕਲਾਂ, ਡੇਲੂਆਣਾ ਅਤੇ ਹੋਰ ਪਿੰਡਾਂ ਦੇ ਨੌਜਵਾਨ ਫ਼ੌਜ ਵਿੱਚ ਭਰਤੀ ਹੋਣ ਇੱਥੇ ਤਿਆਰੀ ਕਰਨ ਆਉਂਦੇ ਹਨ।
ਦੇਸ਼ ਲਈ ਕੁਰਬਾਨ ਹੋਣ ਦਾ ਜਜ਼ਬਾ
ਫ਼ੌਜ ਵਿੱਚ ਭਰਤੀ ਹੋਣ ਦੀ ਟ੍ਰੇਨਿੰਗ ਲੈ ਰਹੇ ਨੌਜਵਾਨ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਉਹ ਫੌਜ ਵਿੱਚ ਭਰਤੀ ਹੋਣ, ਜਿਸ ਦੇ ਲਈ ਉਹ ਦਿਨ ਰਾਤ ਮਿਹਨਤ ਕਰ ਰਹੇ ਹਨ। ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਲਈ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਸਾਬਕਾ ਫੌਜੀ ਬਲਵਿੰਦਰ ਸਿੰਘ ਫ਼ੌਜ ਦੀ ਤਿਆਰੀ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਫ਼ੌਜ ਵਿੱਚ ਭਰਤੀ ਹੋ ਕੇ ਆਪਣੇ ਦੇਸ਼ ਦੀ ਰਾਖੀ ਕਰਨਗੇ ਅਤੇ ਆਪਣੇ ਪਿੰਡ ਸ਼ਹਿਰ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ।
ਭਾਰਤੀ ਫੌਜ 'ਚ ਪੰਜਾਬੀ ਜਵਾਨਾਂ ਦੀ ਹਿੱਸੇਦਾਰੀ
ਇਸੇ ਨਾਲ ਹੀ ਅਸੀਂ ਇੱਕ ਝਾਤ ਭਾਰਤੀ ਫੌਜ ਵਿੱਚ ਪੰਜਾਬੀ ਗੱਭਰੂਆਂ ਦੀ ਹਿੱਸਦਾਰੀ 'ਤੇ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਭਾਰਤੀ ਫੌਜ ਵਿੱਚ ਸਭ ਤੋਂ ਵੱਧ ਜਵਾਨ ਪੰਜਾਬ ਤੋਂ ਭਰਤੀ ਹੋ ਰਹੇ ਹਨ। ਇਸ ਦੀ ਜਾਣਕਾਰੀ ਰੱਖਿਆ ਮੰਤਰਾਲੇ ਨੇ ਲੋਕ ਸਭਾ ਵਿੱਚ ਦਿੱਤੀ ਹੈ।
- ਫੌਜ 'ਚ ਕੁੱਲ ਜਵਾਨ ਤੇ ਜੇਸੀਓ - 11.54 ਲੱਖ
- ਪੰਜਾਬੀ ਜਵਾਨਾਂ ਤੇ ਜੇਸੀਓ ਦੀ ਗਿਣਤੀ - 89,893
- ਪੰਜਾਬੀ ਜਵਾਨਾਂ ਤੇ ਜੇਸੀਓ ਦਾ ਹਿੱਸਾ - 7.78 %