ਮਾਨਸਾ: ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਲੱਗੇ ਕਰਫਿਊ ਦੇ ਕਾਰਨ ਲੋਕਾਂ ਦੇ ਕਾਰੋਬਾਰ 'ਤੇ ਬਹੁਤ ਅਸਰ ਪਿਆ ਹੈ। ਇਸ ਨੂੰ ਲੈ ਕੇ ਸ਼ੁੱਕਰਵਾਰ ਨੂੰ ਮਾਨਸਾ ਦੀ ਦਾਨਾ ਮੰਡੀ ਵਿੱਚ ਕਰਜ਼ਦਾਰ ਔਰਤਾ ਨੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਕਰਜ਼ਦਾਰ ਕ੍ਰਿਸ਼ਨਾ ਰਾਣੀ ਤੇ ਜਸਵੀਰ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਤੋਂ ਕਰਜ਼ਾ ਲਿਆ ਗਿਆ ਸੀ। ਪਰ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੌਰਾਨ ਲੱਗੇ ਕਰਫਿਊ ਕਰਕੇ ਉਨ੍ਹਾਂ ਦੇ ਕਾਰੋਬਾਰ ਠੱਪ ਹੋ ਚੁੱਕੇ ਹਨ ਅਤੇ ਕੋਈ ਕੰਮ ਨਹੀਂ ਚੱਲ ਰਿਹਾ, ਜਿਸ ਕਾਰਨ ਉਹ ਕੰਪਨੀਆਂ ਦੀਆਂ ਕਿਸ਼ਤਾਂ ਭਰਨ ਤੋਂ ਅਸਮਰੱਥ ਹਨ।
ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਸਰਕਾਰ ਨੇ ਕਾਰਪੋਰੇਟ ਅਦਾਰਿਆਂ ਦਾ ਕਰਜ਼ਾ ਮਾਫ਼ ਕੀਤਾ ਹੈ, ਉਸੇ ਤਰ੍ਹਾਂ ਹੀ ਸਾਡਾ ਔਰਤਾਂ ਦਾ ਵੀ ਕਰਜ਼ ਮਾਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਜਿਵੇਂ ਸਰਕਾਰ ਵੱਲੋਂ ਕਿਸਾਨਾਂ ਨੂੰ ਲਿਮਟ ਬਣਾ ਕੇ ਕਰਜ਼ਾ ਦਿੱਤਾ ਜਾ ਰਿਹਾ ਹੈ ਉਸ ਤਰ੍ਹਾਂ ਹੀ ਗਰੀਬ ਔਰਤਾਂ ਨੂੰ ਵੀ ਸਰਕਾਰੀ ਬੈਂਕਾਂ ਤੋਂ 1 ਲੱਖ ਰੁਪਏ ਦੀ ਲਿਮਟ ਬਣਾ ਕੇ ਰੁਜ਼ਗਾਰ ਚਲਾਉਣ ਦੇ ਲਈ ਕਰਜ਼ਾ ਦਿੱਤਾ ਜਾਵੇ।
ਇਸ ਦੌਰਾਨ ਮਜ਼ਦੂਰ ਮੁਕਤੀ ਮੋਰਚਾ ਦੇ ਪੰਜਾਬ ਪ੍ਰਧਾਨ ਭਗਵੰਤ ਸਮਾਓ ਨੇ ਕਿਹਾ ਕਿ ਅੱਜ ਮਾਨਸਾ ਵਿਖੇ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਦੀਆਂ ਕਰਜ਼ਦਾਰ ਔਰਤਾਂ ਵੱਲੋਂ ਔਰਤ ਕਰਜ਼ਾ ਮੁਕਤੀ ਰੈਲੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ 5 ਅਗਸਤ ਨੂੰ ਬਰਨਾਲਾ ਤੋਂ ਇਸ ਰੈਲੀ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਇਹ ਰੈਲੀਆਂ ਪੰਜਾਬ ਭਰ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ 31 ਅਗਸਤ ਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਹਲਕਾ ਬਠਿੰਡਾ ਤੋਂ ਪੰਜਾਬ ਪੱਧਰੀ ਕਰਜ਼ਾ ਮੁਕਤੀ ਰੈਲੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਿਸ ਤਰ੍ਹਾਂ ਕਾਰਪੋਰੇਟ ਘਰਾਣਿਆਂ ਦਾ ਕਰਜ਼ ਮਾਫ਼ ਕੀਤਾ ਗਿਆ ਹੈ, ਉਸ ਤਰ੍ਹਾਂ ਹੀ ਇਨ੍ਹਾਂ ਗ਼ਰੀਬ ਔਰਤਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ। 31 ਅਗਸਤ 2021 ਤੱਕ ਔਰਤਾਂ ਨੂੰ ਕਰਜ਼ਾ ਨਾ ਭਰਨ ਦੇ ਲਈ ਛੋਟ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਕਾਰੋਬਾਰ ਚਲਾ ਸਕਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਨ੍ਹਾਂ ਕਰਜ਼ਦਾਰ ਔਰਤਾਂ ਦਾ ਕਰਜ਼ਾ ਮੁਆਫ਼਼ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।