ਮਾਨਸਾ: ਜੀਐੱਸਟੀ ਦੇ ਵਿਰੋਧ ’ਚ ਦੇਸ਼ ਭਰ ਵਿੱਚ ਅੱਜ ਵਪਾਰੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਮਾਨਸਾ ਜ਼ਿਲ੍ਹੇ ਵਿੱਚ ਭਾਰਤ ਬੰਦ ਦੇ ਸੱਦੇ ’ਤੇ ਬੰਦ ਦਾ ਕੋਈ ਅਸਰ ਨਹੀਂ ਦਿਖਿਆ। ਇੱਥੇ ਬਾਜ਼ਾਰ ਅਤੇ ਵਪਾਰੀਆਂ ਦੀਆਂ ਦੁਕਾਨਾਂ ਆਮ ਦਿਨਾਂ ਵਾਂਗ ਹੀ ਖੁੱਲ੍ਹੀਆਂ ਹੋਈਆਂ ਮਿਲੀਆਂ।
ਸਾਨੂੰ ਨਹੀਂ ਮਿਲਿਆ ਬੰਦ ਦਾ ਕੋਈ ਸੰਦੇਸ਼
ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਜੀਐਸਟੀ ਦਾ ਉਹ ਸ਼ੁਰੂ ਤੋਂ ਹੀ ਵਿਰੋਧ ਕਰਦੇ ਆ ਰਹੇ ਹਨ, ਪਰ ਜਿੱਥੋਂ ਤੱਕ ਵਪਾਰੀਆਂ ਵੱਲੋਂ ਬੰਦ ਦਾ ਸੱਦਾ ਹੈ, ਉਨ੍ਹਾਂ ਨੂੰ ਪੰਜਾਬ ਪੱਧਰ ਤੇ ਕੋਈ ਵੀ ਸੰਦੇਸ਼ ਨਹੀਂ ਮਿਲਿਆ ਅਤੇ ਇਸ ਲਈ ਮਾਨਸਾ ਦੇ ਵਪਾਰੀਆਂ ਵੱਲੋਂ ਬੰਦ ਨਹੀਂ ਕੀਤਾ ਗਿਆ ਪਰ ਇਸ ਬੰਦ ਨੂੰ ਉਨ੍ਹਾਂ ਦਾ ਸਮਰਥਨ ਜ਼ਰੂਰ ਹੈ।
ਜੀਐੱਸਟੀ ਨਾਲ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ
ਇਸ ਤੋਂ ਇਲਾਵਾ ਵਪਾਰ ਮੰਡਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਦੇ ਕੇ ਜੀਐੱਸਟੀ ਵਰਗੀਆਂ ਟੈਕਸ ਲਗਾ ਕੇ ਆਮ ਜਨਤਾ ਵਪਾਰੀਆਂ ਤੇ ਬੋਝ ਪਾ ਰਹੀ ਹੈ। ਅੱਜ ਹਰ ਇੱਕ ਚੀਜ਼ ’ਤੇ ਟੈਕਸ ਹੈ ਤੇ ਮੋਦੀ ਸਰਕਾਰ ਸਿਰਫ਼ ਆਪਣੇ ਕੁਝ ਲੋਕਾਂ ਦੇ ਹਿੱਤਾਂ ਲਈ ਹੀ ਅਜਿਹੇ ਕਾਨੂੰਨ ਬਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਪਾਰ ਮੰਡਲ ਜੀਐੱਸਟੀ ਦਾ ਵਿਰੋਧ ਕਰਦਾ ਹੈ ਅਤੇ ਕਰਦਾ ਰਹੇਗਾ।
ਇਹ ਵੀ ਪੜੋ: ਮਨਾਲੀ ਘੁੰਮਣ ਗਏ ਅੰਮ੍ਰਿਤਸਰ ਦੇ ਪੰਜ ਨੌਜਵਾਨ ਹਾਦਸੇ ਦਾ ਸ਼ਿਕਾਰ
ਵਪਾਰ ਮੰਡਲ ਵੱਲੋਂ ਦਿੱਤਾ ਗਿਆ ਬੰਦ ਦਾ ਸੱਦਾ
ਕਾਬਿਲੇਗੌਰ ਹੈ ਕਿ ਵਪਾਰ ਮੰਡਲ ਪੰਜਾਬ ਵੱਲੋਂ ਡੀਜ਼ਲ-ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਧਣ ਦੇ ਕਾਰਨ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਪਰ ਪੰਜਾਬ ਦੇ ਕਈ ਜਿਲ੍ਹਿਆਂ ’ਚ ਇਸਦਾ ਅਸਰ ਘੱਟ ਹੀ ਦੇਖਣ ਨੂੰ ਮਿਲਿਆ ਹੈ।