ਮਾਨਸਾ: ਸੀਆਈ ਸਟਾਫ਼ ਪੁਲਿਸ ਨੇ ਸ਼ਹਿਰ ਦੀ ਸੰਘਣੀ ਅਬਾਦੀ ਵਿੱਚ ਪਟਾਕੇ ਬਣਾਉਣ ਅਤੇ ਸਟੋਰ ਕਰਨ ਵਾਲੇ ਦੋ ਲੋਕਾਂ ਨੂੰ ਪਟਾਕਿਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਡੀਐੱਸਪੀ ਹਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਤਿਉਹਾਰਾਂ ਦੇ ਫੈਸਟੀਵਲ ਸੀਜ਼ਨ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕਰਕੇ ਚੌਕਸੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀਆਈ ਸਟਾਫ਼ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਰਾਮਾ ਨੰਦ ਅਤੇ ਉਸ ਦੇ ਬੇਟੇ ਹਰਿਚਰਨ ਉਰਫ ਪੱਪੂ ਵਾਸੀ ਭੱਠਾ ਬਸਤੀ ਨੇ ਮੁਹੱਲਾ ਵੀਰ ਨਗਰ ਦੀ ਸੰਘਣੀ ਆਬਾਦੀ ਵਿੱਚ ਬਣਾਈ ਇੱਕ ਦੁਕਾਨ 'ਤੇ ਧਮਾਕੇ ਖੇਜ ਸਮੱਗਰੀ ਵਾਲੇ ਪਟਾਕੇ ਨਾਜਾਇਜ਼ ਰੂਪ ਵਿੱਚ ਤਿਆਰ ਕਰਕੇ ਵੇਚਦੇ ਸਨ, ਜਿਸ ਵਿੱਚ ਕੋਈ ਵੱਡਾ ਹਾਦਸਾ ਹੋਣ ਦੀ ਸੰਭਾਵਨਾ ਸੀ।
ਡੀਐੱਸਪੀ ਨੇ ਦੱਸਿਆ ਕਿ ਦੋਵੇ ਦੋਸ਼ੀ ਜ਼ਿਲ੍ਹਾ ਮੈਜਿਸਟ੍ਰੇਟ ਦੇ ਆਦੇਸ਼ਾਂ ਦੀ ਉਲੰਘਣਾ ਕਰ ਰਹੇ ਸਨ। ਸੀਆਈ ਸਟਾਫ਼ ਪੁਲਿਸ ਨੇ ਦੋਨਾਂ ਦੇ ਖਿਲਾਫ਼ ਥਾਣਾ ਸਿਟੀ ਮਾਨਸਾ ਵਿਖੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 4 ਕਿੱਲੋ ਗ੍ਰਾਮ ਪਾਊਡਰ, 3 ਕਿਲੋਗ੍ਰਾਮ ਸਫੇਦੀ, 570 ਗ੍ਰਾਮ ਗੰਧਕ ਅਤੇ 5 ਕਿਲੋ ਗ੍ਰਾਮ ਸਲਫਰ ਦੇ ਇਲਾਵਾ ਵੱਡੀ ਤਾਦਾਦ ਵਿੱਚ ਪਟਾਕੇ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਵਿਅਕਤੀਆਂ ਦੇ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜੋ- ਹਰਿਆਣਾ ਵਿਧਾਨ ਸਭਾ ਚੋਣਾਂ 2019: ਅੱਜ ਨਾਮਜ਼ਦਗੀ ਵਾਪਸ ਲੈਣ ਦਾ ਆਖ਼ਰੀ ਦਿਨ