ਮਾਨਸਾ: ਸੂਬੇ ’ਚ ਸ਼ਰਾਬ ਤਸਕਰਾਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਪੁਲਿਸ ਨੇ ਵੱਖ ਵੱਖ ਥਾਣਿਆਂ ਦੇ ’ਚ 5 ਮਾਮਲੇ ਦਰਜ ਕਰ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਗ੍ਰਿਫਤਾਰ ਕੀਤੇ ਵਿਅਕਤੀਆਂ ਕੋਲੋਂ 81 ਬੋਤਲਾਂ ਸ਼ਰਾਬ, ਦੋ ਮੋਟਰਸਾਈਕਲ ਅਤੇ 50 ਲੀਟਰ ਲਾਹਣ ਬਰਾਮਦ ਕੀਤੀ ਹੈ।
ਸੂਚਨਾ ਦੇ ਅਧਾਰ ’ਤੇ ਕੀਤੀ ਗਈ ਕਾਰਵਾਈ
ਐਸਐਸਪੀ ਸੁਰਿੰਦਰ ਲਾਂਬਾ ਨੇ ਜਾਣਕਾਰੀ ਦੱਸਿਆ ਕਿ ਉਨ੍ਹਾਂ ਨੂੰ ਮੁਖਬਰੀ ਤੋਂ ਜਾਣਕਾਰੀ ਹਾਸਿਲ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਕਾਰਵਾਈ ਕੀਤੀ ਗਈ। ਸੂਚਨਾ ਦੇ ਅਧਾਰ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਉਨ੍ਹਾਂ ਨੇ ਕੁਲਦੀਪ ਸਿੰਘ ਉਰਫ ਕਾਲਾ ਅਤੇ ਹਰਬੰਸ ਸਿੰਘ ਉਰਫ ਬੰਸੀ ਨੂੰ ਕਾਬੂ ਕੀਤਾ ਤੇ ਉਨ੍ਹਾਂ ਕੋਲੋਂ 24 ਬੋਤਲਾਂ ਸ਼ਰਾਬ ਬਰਾਮਦ ਕੀਤਾ ਗਿਆ। ਜਿਨ੍ਹਾਂ ਦੇ ਖਿਲਾਫ ਥਾਣਾ ਜੌੜਕੀਆਂ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ।
ਇਸ ਤੋਂ ਇਲਾਵਾ ਪੁਲਿਸ ਨੇ ਥਾਣਾ ਬੋਹਾ ਵਿਖੇ ਰਾਜ ਸਿੰਘ ਉਰਫ ਕਾਲਾ ਦੇ ਖਿਲਾਫ ਮਾਮਲਾ ਦਰਜ ਕੀਤਾ ਜਿਸ ਤੋਂ 24 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਸਨ। ਥਾਣਾ ਜੋਗਾ ਦੀ ਪੁਲਿਸ ਪਾਰਟੀ ਨੇ ਜਸਪਾਲ ਸਿੰਘ ਉਰਫ ਜੱਸੀ ਵਾਸੀ ਜੋਗਾ ਨੂੰ ਕਾਬੂ ਕਰਕੇ 8 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ।
ਇਸ ਤੋਂ ਇਲਾਵਾ ਥਾਣਾ ਸਰਦੂਲਗੜ੍ਹ ਵਿਖੇ ਪੁਲਿਸ ਪਾਰਟੀ ਨੇ ਮੁਖ਼ਬਰੀ ਦੇ ਆਧਾਰ 'ਤੇ ਬਲਜਿੰਦਰ ਸਿੰਘ ਉਰਫ ਬਿੰਦਰ ਖਿਲਾਫ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ। ਪੁਲਿਸ ਨੇ ਮੁਲਜ਼ਮ ਕੋਲੋਂ ਰੇਡ ਦੌਰਾਨ 50 ਲੀਟਰ ਲਾਹਣ ਬਰਾਮਦ ਕੀਤੀ ਹੈ।