ਮਾਨਸਾ: ਮੌਸਮ ਦੇ ਬਦਲਾਅ ਦੇ ਨਾਲ ਮਾਨਸਾ ਵਿੱਚ ਡੇਂਗੂ ਅਤੇ ਮਲੇਰੀਏ ਦੀ ਬਿਮਾਰੀ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਸਰਕਾਰੀ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਡੇਂਗੂ ਤੋਂ ਪੀੜਤ 65 ਮਰੀਜ਼ ਅਤੇ ਮਲੇਰੀਏ ਦਾ ਸ਼ਿਕਾਰ ਹੋਏ 246 ਮਰੀਜ਼ ਆਪਣਾ ਇਲਾਜ ਕਰਵਾ ਰਹੇ ਹਨ।
ਉੱਥੇ ਹੀ ਈਟੀਵੀ ਭਾਰਤ ਦੀ ਟੀਮ ਵੱਲੋਂ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ। ਜਿੱਥੇ ਡੇਂਗੂ ਵਾਰਡ ਵਿੱਚ ਨਾ ਤਾਂ ਕੋਈ ਮੱਛਰਦਾਨੀ ਲਗਾਈ ਗਈ ਸੀ ਅਤੇ ਨਾ ਹੀ ਸਾਫ ਸਫਾਈ ਦਾ ਕੋਈ ਇੰਤਜ਼ਾਮ ਸੀ, ਸਾਫ਼ ਸਫ਼ਾਈ ਦੇ ਪ੍ਰਬੰਧ ਨਾ ਹੋਣ ਕਾਰਨ ਸਿਵਲ ਹਸਪਤਾਲ ਵਿੱਚ ਦਾਖ਼ਲ ਡੇਂਗੂ ਦੇ ਮਰੀਜ਼ ਛੁੱਟੀ ਲੈ ਕੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ਼ ਕਰਵਾਉਣ ਲਈ ਜਾ ਰਹੇ ਹਨ ਜੋ ਕਿ ਸਿਹਤ ਵਿਭਾਗ ਦੇ ਸਿਵਲ ਹਸਪਤਾਲ ਵਿੱਚ ਡੇਂਗੂ ਦੇ ਬਣਾਈ ਸਪੈਸ਼ਲ ਵਾਰਡ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਰਹੇ ਹਨ।
ਉੱਥੇ ਹੀ ਸਿਹਤ ਵਿਭਾਗ ਵੱਲੋਂ ਡੇਂਗੂ ਅਤੇ ਮਲੇਰੀਏ ਤੋਂ ਨਿਪਟਨ ਲਈ ਪੂਰੇ ਇੰਤਜ਼ਾਮ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਦਫ਼ਤਰ ਵਿੱਚ ਤੈਨਾਤ ਐਪੀਡੀਮਾਲੋਜਿਸਟ ਅਫ਼ਸਰ ਸੰਤੋਸ਼ ਭਾਰਤੀ ਨੇ ਦੱਸਿਆ ਕਿ ਹੁਣ ਤੱਕ ਡੇਂਗੂ ਨੇ 299 ਸ਼ੱਕੀ ਮਰੀਜ਼ਾਂ ਦਾ ਪਤਾ ਲੱਗਿਆ ਹੈ ਜਿਨ੍ਹਾਂ ਦੀ ਜਾਂਚ ਤੋਂ ਬਾਅਦ 65 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜੋ ਵੱਖ-ਵੱਖ ਹਸਪਤਾਲਾਂ ਵਿੱਚ ਆਪਣਾ ਇਲਾਜ਼ ਕਰਵਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਵਿਭਾਗ ਦੀ ਟੀਮ ਨੂੰ 164 ਜਗ੍ਹਾ ਤੋਂ ਡੇਂਗੂ ਦਾ ਲਾਰਵਾ ਮਿਲਿਆ ਹੈ ਜਿਸ ਦੇ ਲਈ ਨਗਰ ਕੌਂਸਲ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਸਿਵਲ ਸਰਜਨ ਡਾ.ਲਾਲ ਚੰਦ ਠਕਰਾਲ ਨੇ ਕਿਹਾ ਕਿ ਪਿਛਲੇ ਸਾਲ 800 ਮਰੀਜ਼ਾਂ ਦੇ ਮੁਕਾਬਲੇ ਇਸ ਵਾਰ 65 ਮਰੀਜ ਸਾਹਮਣੇ ਆਏ ਹਨ, ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਚੈਕਿੰਗ ਕਰਕੇ ਲਾਰਵੇ ਨੂੰ ਨਸ਼ਟ ਕੀਤਾ ਜਾ ਰਿਹਾ ਹੈ।