ਮਾਨਸਾ: ਮਾਲਵਾ ਪੱਟੀ ਨੂੰ ਪੰਜਾਬ ਦੀ ਨਰਮਾ ਪੱਟੀ ਵੀ ਆਖਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਬੀਤੇ ਚਾਰ ਤੋਂ ਪੰਜ ਵਰ੍ਹਿਆਂ ਵਿੱਚ ਨਕਲੀ ਨਦੀਨਨਾਸ਼ਕਾਂ ਅਤੇ ਕੀਟਨਾਸ਼ਕਾਂ ਦੇ ਕਾਰਨ ਹੋਏ ਨੁਕਸਾਨ ਨੇ ਇਸ ਨਰਮਾ ਪੱਟੀ ਦੇ ਕਿਸਾਨਾਂ ਦਾ ਮੂੰਹ ਝੋਨੇ ਦੀ ਫਸਲ ਵੱਲ ਮੋੜ ਦਿੱਤਾ ਸੀ। ਇਸ ਵਾਰ ਨਰਮੇ ਦੀ ਫ਼ਸਲ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਾ ਹੋਣ ਕਾਰਨ ਨਰਮੇ ਦੀ ਫਸਲ ਬਹੁਤ ਹੀ ਵਧੀਆ ਖੜ੍ਹੀ ਹੈ। ਇਸ ਦੇ ਚੱਲਦਿਆਂ ਖੇਤੀਬਾੜੀ ਵਿਭਾਗ ਦਾ ਦਾਅਵਾ ਹੈ ਕਿ ਇਸ ਵਾਰ ਮਾਨਸਾ ਜ਼ਿਲ੍ਹੇ ਦੇ ਵਿੱਚ ਨਰਮੇ ਦੀ ਬੰਪਰ ਫ਼ਸਲ ਹੋਵੇਗੀ।
ਉੱਥੇ ਹੀ ਖੇਤਾਂ ਵਿੱਚ ਖੜ੍ਹੀ ਨਰਮੇ ਦੀ ਫ਼ਸਲ ਨੂੰ ਦੇਖ ਕੇ ਕਿਸਾਨ ਵੀ ਖ਼ੁਸ਼ ਦਿਖਾਈ ਦੇ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਨਰਮੇ ਦਾ ਚੰਗਾ ਭਾਅ ਦੇਵੇ ਅਤੇ ਸਰਕਾਰੀ ਖਰੀਦ 'ਤੇ ਨਰਮਾ ਖਰੀਦੇ ਤਾਂ ਉਨ੍ਹਾਂ ਦੀ ਮਿਹਨਤ ਦਾ ਮੁੱਲ ਮੁੜ ਜਾਵੇਗਾ।
ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਠ ਏਕੜ ਵਿੱਚ ਨਰਮੇ ਦੀ ਬਿਜਾਈ ਕੀਤੀ ਗਈ ਹੈ ਅਤੇ ਨਰਮੇ ਦੀ ਫ਼ਸਲ ਇਸ ਵਾਰ ਬਹੁਤ ਹੀ ਵਧੀਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਨਰਮੇ ਦੀ ਫਸਲ ਦਾ ਝਾੜ ਘੱਟ ਹੋਣ ਅਤੇ ਨਰਮੇ ਦੀ ਫਸਲ ਨੂੰ ਬਿਮਾਰੀ ਪੈਣ ਕਾਰਨ ਕਿਸਾਨ ਨਰਮੇ ਤੋਂ ਮੁੱਖ ਮੋੜ ਚੁੱਕੇ ਸੀ ਪਰ ਇਸ ਵਾਰ ਨਰਮੇ ਦੀ ਫਸਲ 'ਤੇ ਬਹੁਤ ਹੀ ਵਧੀਆ ਝਾੜ ਹੈ। ਇਸ ਦੇ ਚੱਲਦੇ ਕਿਸਾਨ ਖੁਸ਼ ਨੇ ਉਨ੍ਹਾਂ ਉਮੀਦ ਕੀਤੀ ਕਿ ਇਸ ਵਾਰ ਨਰਮੇ ਦੀ ਫ਼ਸਲ ਬਹੁਤ ਵਧੀਆ ਹੋਵੇਗੀ ।
ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ 12 ਏਕੜ ਦੇ ਵਿੱਚ ਨਰਮੇ ਦੀ ਬਿਜਾਈ ਕੀਤੀ ਗਈ ਹੈ ਤੇ ਨਰਮੇ ਦੀ ਫਸਲ ਬਹੁਤ ਹੀ ਵਧੀਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਵਾਰ ਨਰਮਾ ਬਹੁਤ ਹੀ ਵਧੀਆ ਝਾੜ ਦੇਵੇਗਾ। ਉੱਥੇ ਹੀ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਨਰਮੇ ਦਾ ਵਧੀਆ ਭਾਅ ਦੇਵੇ ਤੇ ਸਰਕਾਰੀ ਖ਼ਰੀਦ ਕਰੇ ਤਾਂ ਕਿ ਕਿਸਾਨ ਅੱਗੇ ਤੋਂ ਵੀ ਨਰਮੇ ਦੀ ਵੱਧ ਬਿਜਾਈ ਕਰਨ।
ਕਿਸਾਨ ਰਣਜੀਤ ਸਿੰਘ ਨੇ ਕਿਹਾ ਕਿ ਨਮਰੇ ਦੀ ਫਸਲ ਇਸ ਵਾਰ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨਕਲੀ ਸਪਰ੍ਹੇਆਂ 'ਤੇ ਨਕੇਲ ਕੱਸੇ ਤਾਂ ਕਿਸਾਨ ਖੁਸ਼ੀ ਨਾਲ ਨਰਮੇ ਦੀ ਬਿਜਾਈ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨਰਮੇ ਦੇ ਚੰਗੇ ਭਾਅ ਦੇਵੇ ਤੇ ਬੀਜਾਂ, ਕੀਟਨਾਸ਼ਕਾਂ ਤੇ ਨਦੀਨਨਾਸ਼ਕਾਂ ਦੀ ਮਿਲਾਵਟ ਨੂੰ ਰੋਕ ਦੇਵੇ ਤਾਂ ਕਿਸਾਨ ਕਦੀ ਵੀ ਝੋਨੇ ਵੱਲ ਮੂੰਹ ਨਹੀਂ ਕਰਨਗੇ।
ਖੇਤੀਬਾੜੀ ਵਿਭਾਗ ਦੇ ਮੁੱਖ ਅਫ਼ਸਰ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਨਰਮੇ ਦੀ ਗੱਲ ਕੀਤੀ ਜਾਵੇ ਤਾਂ ਨਰਮਾ ਇਸ ਵਾਰ ਮਾਨਸਾ ਜ਼ਿਲੇ ਦੇ ਵਿੱਚ ਬਹੁਤ ਹੀ ਵਧੀਆ ਖੜ੍ਹਾ ਹੈ। ਉਨ੍ਹਾਂ ਕਿਹਾ ਕਿਹਾ ਕਿ ਪਿਛਲੇ ਸਾਲ ਨਾਲੋਂ 20 ਫੀਸਦੀ ਜ਼ਿਆਦਾ ਨਰਮੇ ਦੀ ਬਿਜਾਈ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ 72 ਹਜ਼ਾਰ ਹੈਕਟੇਅਰ ਏਰੀਏ ਵਿੱਚ ਨਰਮੇ ਦੀ ਬਿਜਾਈ ਕੀਤੀ ਗਈ ਸੀ ਤੇ ਇਸ ਸਾਲ 20 ਫ਼ੀਸਦੀ ਹੋਰ ਏਰੀਆ ਵਧਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਨੂੰ ਵਧੀਆ ਹੁੰਗਾਰਾ ਵੀ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਨਰਮੇ ਦੀ ਫ਼ਸਲ ਮਾਨਸਾ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਵਧੀਆ ਹੈ ਅਤੇ ਅਜੇ ਤੱਕ ਨਰਮੇ ਦੀ ਫ਼ਸਲ 'ਤੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦਾ ਕੋਈ ਹਮਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੁਲਾਈ ਮਹੀਨੇ ਦੇ ਵਿੱਚ ਥੋੜ੍ਹਾ ਜਿਹਾ ਵ੍ਹਾਈਟ ਫਲਾਈ ਦਾ ਅਟੈਕ ਆਇਆ ਸੀ ਜਿਸ ਨੂੰ ਖੇਤੀਬਾੜੀ ਵਿਭਾਗ ਵੱਲੋਂ ਜਲਦ ਹੀ ਕੰਟਰੋਲ ਕਰ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਮਾਨਸਾ ਜ਼ਿਲ੍ਹੇ ਦੇ ਵਿੱਚ ਨਰਮੇ ਦੀ ਫਸਲ ਬੰਪਰ ਫ਼ਸਲ ਹੋਵੇਗੀ।