ਮਾਨਸਾ: ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਮਾਨਸਾ ਵਿੱਚ 33 ਕੋਰੋਨਾ ਦੇ ਪੌਜ਼ੀਟਿਵ ਮਰੀਜ ਸਾਹਮਣੇ ਆਈ ਸੀ, ਇਨ੍ਹਾਂ 'ਚੋਂ 31 ਮਰੀਜ ਠੀਕ ਹੋ ਕੇ ਘਰ ਪਰਤ ਚੁੱਕੇ ਸਨ ਤੇ 2 ਬਾਕੀ ਰਹਿੰਦੇ ਸਨ। ਬਾਕੀ ਰਹਿੰਦੇ ਮਰੀਜਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜੋ ਕਿ ਠੀਕ ਹੋ ਗਏ ਹਨ ਤੇ ਉਨ੍ਹਾਂ ਨੂੰ ਵੀ ਘਰ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 1850 ਲੋਕਾਂ ਦੇ ਸੈਂਪਲ ਲਏ ਗਏ ਸਨ ਜਿਨਾਂ 'ਚੋਂ 33 ਪੌਜ਼ੀਟਿਵ ਆਏ ਸਨ ਤੇ ਬਾਕੀ ਸਾਰੀਆਂ ਰਿਪੋਰਟਾਂ ਨੈਗਟਿਵ ਆਈਆਂ।
ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੋਸ਼ਲ ਡਿਸਟੈਂਸ, ਮਾਸਕ ਲਗਾਉਣ ਤੇ ਹੱਥਾਂ ਨੂੰ ਸੈਨੇਟਾਈਜ਼ ਤੇ ਚਿਹਰੇ ਨੂੰ ਢੱਕਣਾ ਨਾ ਭੁੱਲਣ। ਉਨ੍ਹਾਂ ਕਿਹਾ ਕਿ ਬੇਸ਼ੱਕ ਕੋਰੋਨਾ ਦੀ ਬਿਮਾਰੀ ਨਹੀਂ ਹੈ ਪਰ ਫਿਰ ਵੀ ਲੋਕਾਂ ਇਸ ਬੀਮਾਰੀ ਤੋਂ ਬਚਣ। ਜੇਕਰ ਕਿਸੇ ਵਿਅਕਤੀ ਨੂੰ ਖੰਘ ਜ਼ੁਕਾਮ ਜਾਂ ਕੋਈ ਹੋਰ ਅਜਿਹੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਸ ਬਾਰੇ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰਨ।
ਉੱਥੇ ਹੀ ਉਨ੍ਹਾਂ ਨੇ ਪੁਲਿਸ ਵਿਭਾਗ ਸਿਵਲ ਐਡਮਨਿਸਟ੍ਰੇਸ਼ਨ, ਸਿਹਤ ਵਿਭਾਗ ਤੇ ਖ਼ਾਸਕਰ ਡਾਕਟਰਾਂ ਦੀ ਟੀਮ ਦਾ ਵੀ ਧੰਨਵਾਦ ਕੀਤਾ। ਇਸ ਤੋਂ ਇਲਾਵਾ ਐਸਐਸਪੀ ਡਾਕਟਰ ਨਰਿੰਦਰ ਭਾਰਗਵ ਨੇ ਦੱਸਿਆ ਕਿ ਬਹੁਤ ਹੀ ਰਾਹਤ ਦੀ ਖ਼ਬਰ ਹੈ ਕਿ ਮਾਨਸਾ ਜ਼ਿਲ੍ਹਾ ਕੋਰੋਨਾ ਮੁਕਤ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਬਰਕਰਾਰ ਰੱਖਣ ਦੇ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ ਅਤੇ ਹੁਣ ਕਾਫੀ ਹੱਦ ਤੱਕ ਲੌਕਡਾਊਨ ਵੀ ਖੁੱਲ੍ਹ ਚੁੱਕਿਆ ਹੈ ਜਿਸ ਕਰਕੇ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ।