ਮਾਨਸਾ: ਟਿੱਡੀ ਦਲ ਦਾ ਖ਼ਤਰਾ ਮਾਲਵੇ ਦੇ ਕਿਸਾਨਾਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਜ਼ਿਲ੍ਹਾ ਮਾਨਸਾ ਦੇ ਪਿੰਡ ਮੱਲ ਸਿੰਘ ਵਾਲਾ ਵਿੱਚ ਵੀ ਹਲਕੇ ਰੂਪ ਵਿੱਚ ਟਿੱਡੀਆਂ ਦੀ ਆਮਦ ਵੇਖਣ ਨੂੰ ਮਿਲੀ ਹੈ। ਨਰਮੇ ਦੇ ਖੇਤਾਂ ਵਿੱਚ ਪਹੁੰਚੀਆਂ ਟਿੱਡੀਆਂ ਦੇ ਕਾਰਨ ਪਿੰਡ ਦੇ ਕਿਸਾਨਾਂ ਅੰਦਰ ਸਹਿਮ ਦਾ ਮਹੌਲ ਹੈ।
ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਹੀ ਉਸ ਨੇ ਖੇਤਾਂ ਵਿੱਚ ਟਿੱਡੀ ਦਲ ਦੀ ਆਮਦ ਨੂੰ ਵੇਖਿਆ। ਉਨ੍ਹਾਂ ਨੇ ਕਿਹਾ ਕਿ ਖੇਤਾਂ 'ਚ ਟਿੱਡੀਆਂ ਦੀ ਗਿਣਤੀ ਬੇਸ਼ੱਕ ਘੱਟ ਸੀ ਪਰ ਟਿੱਡੀਆਂ ਨੇ ਨਰਮੇ ਦੀ ਫ਼ਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ। ਫਸਲ ਦਾ ਨੁਕਸਾਨ ਹੋਣ ਦੀ ਚਿੰਤਾ ਵਿੱਚ ਕਿਸਾਨ ਬਚਾਅ ਦੇ ਲਈ ਖੇਤਾਂ ਚੋਂ ਬਰਤਨ ਖੜਕਾ ਕੇ ਅਤੇ ਰੁੱਖਾਂ ਦੀਆਂ ਟਾਹਣੀਆਂ ਦੇ ਨਾਲ ਟਿੱਡੀਆਂ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਕਿਸਾਨ ਭੋਲਾ ਸਿੰਘ ਨੇ ਦੱਸਿਆ ਕਿ ਟਿੱਡੀ ਦਲ ਨਰਮੇ ਦੀ ਫਸਲ ਨੂੰ ਵੱਡੀ ਮਾਤਰਾ ਵਿੱਚ ਨੁਕਸਾਨ ਪਹੁੰਚਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਟਿੱਡੀ ਦਲ ਦਿਖਾਈ ਦੇਣ 'ਤੇ ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਅਤੇ ਵਿਭਾਗ ਦੇ ਅਧਿਕਾਰੀਆਂ ਨੇ ਖੇਤਾਂ ਦਾ ਦੌਰਾ ਕਰਕੇ ਟਿੱਡੀ ਦਲ ਦੇ ਹਮਲੇ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਸਰਕਾਰ ਤੋਂ ਕੰਟਰੋਲ ਰੂਮ ਸਥਾਪਿਤ ਕਰਕੇ ਇਸ ਦੌਰ ਚੋਂ ਕਿਸਾਨਾਂ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ ਹੈ।
ਖੇਤੀਬਾੜੀ ਵਿਭਾਗ ਦੇ ਅਧਿਕਾਰੀ ਖੇਤਾਂ ਵਿੱਚ ਦੇਖੀ ਗਈ ਟਿੱਡੀਆਂ ਨੂੰ ਹਰਿਆਣੇ ਚੋਂ ਵਿਛੱੜ ਕੇ ਵੱਖ ਹੋਈਆਂ ਟਿੱਡੀਆਂ ਹੋਣ ਦੀ ਗੱਲ ਕਹਿ ਰਹੇ ਹਨ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਨਾ ਘਬਰਾਉਣ ਦੀ ਸਲਾਹ ਦਿੱਤੀ ਹੈ। ਬਲਾਕ ਖੇਤੀਬਾੜੀ ਅਧਿਕਾਰੀ ਡਾਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਵਿੱਚ ਟਿੱਡੀ ਦਲ ਦੇ ਹਮਲਾ ਹੋਣ ਦਾ ਡਰ ਬਣਿਆ ਹੋਇਆ ਹੈ ਅਤੇ ਵਿਭਾਗ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਕੀਤੇ ਗਏ ਸਰਵੇ ਵਿੱਚ ਕਿਤੇ ਵੀ ਟਿੱਡੀ ਦਲ ਦੀ ਮੌਜੂਦਗੀ ਨਹੀਂ ਪਾਈ ਗਈ।
ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਹਰਿਆਣੇ 'ਚ ਆਏ ਟਿੱਡੀ ਦਲ ਤੋਂ ਵਿਛੱੜ ਕੇ ਕੁਝ ਟਿੱਡੀਆਂ ਸਾਡੇ ਇਲਾਕੇ 'ਚ ਆ ਗਈਆਂ ਹੋਣ। ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਘਬਰਾਉਣ ਨਾ ਕਿਉਂਕਿ ਸਾਡੇ ਜ਼ਿਲ੍ਹੇ ਵਿੱਚ ਕਿਤੇ ਵੀ ਟਿੱਡੀ ਦਲ ਦਾ ਹਮਲਾ ਦੇਖਣ ਨੂੰ ਨਹੀਂ ਮਿਲਿਆ।