ਮਾਨਸਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਦੀਆਂ ਵਿਦਿਆਰਥਣਾਂ ਨੇ ਇਸ ਨਤੀਜੇ ਵਿੱਚ ਟਾਪ ਕੀਤਾ ਹੈ।
ਪੰਜਾਬ ਦੇ ਪੱਛੜੇ ਇਲਾਕੇ ਵੱਜੋਂ ਜਾਣੇ ਜਾਂਦੇ ਮਾਨਸਾ ਦੇ ਅਧੀਨ ਪੈਂਦੇ ਪਿੰਡ ਬਾਜੇਵਾਲਾ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਬਾਰ੍ਹਵੀਂ ਜਮਾਤ ਵਿੱਚ 99.55 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ।
ਜਸਪ੍ਰੀਤ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਇੰਨੇ ਅੰਕ ਪ੍ਰਾਪਤ ਕਰਨ ਦੇ ਲਈ ਬਹੁਤ ਮਿਹਨਤ ਕੀਤੀ ਹੈ। ਇਸੇ ਦੇ ਨਾਲ ਹੀ ਉਹ ਆਪਣੀ ਮਾਂ ਦਾ ਘਰ ਦੇ ਕੰਮ ਵਿੱਚ ਵੀ ਸਾਥ ਦਿੰਦੀ ਸੀ। ਉਸ ਨੇ ਦੱਸਿਆ ਕਿ ਉਹ ਵੱਡੀ ਹੋ ਕੇ ਅੰਗ੍ਰੇਜ਼ੀ ਦੀ ਅਧਿਆਪਕਾ ਬਣਨਾ ਚਾਹੁੰਦੀ ਹੈ।
ਤੁਹਾਨੂੰ ਦੱਸ ਦਈਏ ਕਿ ਜਸਪ੍ਰੀਤ ਦੇ ਘਰ ਵਧਾਈਆਂ ਦੇਣ ਵਾਲੀਆਂ ਦੀ ਭੀੜ ਇਕੱਠਾ ਹੋ ਰੱਖੀ ਹੈ, ਜਿਸ ਵਿੱਚ ਇਲਾਕੇ ਦੇ ਕਈ ਆਗੂ ਵੀ ਸ਼ਾਮਲ ਹਨ।
ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫ਼ਰ ਅਤੇ ਪਿੰਡ ਦੇ ਸਰਪੰਚ ਪੋਲੋ ਜੀਤ ਨੇ ਵੀ ਇਸ ਲੜਕੀ ਨੂੰ ਵਧਾਈ ਦਿੱਤੀ। ਜਸਪ੍ਰੀਤ ਕੌਰ ਨੂੰ ਹਾਰ ਪਹਿਨਾ ਕੇ ਮੂੰਹ ਮਿੱਠਾ ਕਰਵਾਇਆ ਗਿਆ।
ਬਿਕਰਮ ਮੋਫਰ ਨੇ ਕਿਹਾ ਕਿ ਜਸਪ੍ਰੀਤ ਕੌਰ ਨੇ 99 ਫ਼ੀਸਦ ਅੰਕ ਪ੍ਰਾਪਤ ਕਰਕੇ ਨਾ ਸਿਰਫ਼ ਇਲਾਕੇ ਬਲਕਿ ਮਾਨਸਾ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਵਿਦਿਆਰਥਣ ਅਤੇ ਉਸ ਦੇ ਮਾਂ ਬਾਪ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਇਸ ਇਲਾਕੇ ਵਿੱਚ ਕੋਈ ਕਾਲਜ ਖੋਲ੍ਹਿਆ ਜਾਵੇ ਤਾਂ ਕਿ ਵਿਦਿਆਰਥਣਾਂ ਨੂੰ ਵਧੀਆ ਅਤੇ ਉੱਚੇਰੀ ਸਿੱਖਿਆ ਮਿਲ ਸਕੇ।