ਮਾਨਸਾ: ਪੰਜਾਬ 'ਚ ਸੋਮਵਾਰ ਤੋਂ ਭਲੇ ਹੀ ਕਰਫਿਊ ਖ਼ਤਮ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਸਕੂਲ, ਕਾਲਜ ਨੂੰ ਬੰਦ ਰੱਖਣ ਦੀਆਂ ਹਿਦਾਇਤਾਂ ਦਿੱਤੀਆਂ ਹਨ। ਦੂਜੇ ਪਾਸੇ ਸਰਕਾਰ ਨੇ ਬੱਚਿਆਂ ਦੀ ਪੜ੍ਹਾਈ ਦੀ ਚਿੰਤਾ ਕਰਦੇ ਹੋਏ ਆਨਲਾਈਨ ਕਲਾਸਾਂ ਤੇ ਟੀਵੀ ਦੇ ਮਾਧਿਅਮ ਨਾਲ ਬੱਚਿਆਂ ਨੂੰ ਪੜ੍ਹਾਉਣ ਦੀ ਨਵੇਕਲੀ ਪਹਿਲ ਕੀਤੀ।
ਅਜਿਹੇ 'ਚ ਗਰੀਬ ਬੱਚਿਆਂ ਨੂੰ ਇਸ ਦੀ ਸਮੱਸਿਆ ਸੱਭ ਤੋਂ ਵੱਧ ਆ ਰਹੀ ਹੈ, ਜਿਨ੍ਹਾਂ ਕੋਲ ਨਾ ਤਾਂ ਕਿਤਾਬਾ ਹਨ ਤੇ ਨਾ ਹੀ ਸਮਾਰਟ ਫੋਨ। ਈਟੀਵੀ ਭਾਰਤ ਵੱਲੋ ਇਨ੍ਹਾਂ ਬੱਚਿਆਂ ਦੀ ਸਮੱਸਿਆ ਨੂੰ ਉਜਾਗਰ ਕੀਤਾ ਗਿਆ, ਜਿਸ ਤੋਂ ਬਾਅਦ ਹੁਣ ਸਕੂਲਾਂ 'ਚ ਕਿਤਾਬਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਬੱਚੇ ਵੀ ਈਟੀਵੀ ਭਾਰਤ ਦਾ ਧੰਨਵਾਦ ਕਰ ਰਹੇ ਹਨ।
ਜ਼ਿਲ੍ਹੇ 'ਚੋਂ ਆਈਆਂ ਵੱਖ-ਵੱਖ ਕਲਾਸਾਂ ਦੀਆਂ ਕਿਤਾਬਾਂ ਸਬੰਧੀ ਜਾਣਕਾਰੀ ਦਿੰਦਿਆਂ ਸਟੋਰ ਕੀਪਰ ਗਿਆਨ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਿਤਾਬਾਂ ਭੇਜ ਦਿੱਤੀਆਂ ਗਈਆਂ ਹਨ ਜੋ ਕਿ ਇੱਥੋਂ ਵੱਖ-ਵੱਖ ਬਲਾਕਾਂ ਵਿੱਚ ਭੇਜੀਆਂ ਜਾਣਗੀਆਂ। ਅੱਗੇ ਬਲਾਕ ਇੰਚਾਰਜ ਇਨ੍ਹਾਂ ਨੂੰ ਸਕੂਲਾਂ ਤੱਕ ਭੇਜਣਗੇ ਜਿੱਥੋਂ ਸਕੂਲ ਇੰਚਾਰਜ ਵੱਖ-ਵੱਖ ਕਲਾਸਾਂ ਦੇ ਬੱਚਿਆਂ ਨੂੰ ਕਿਤਾਬਾਂ ਮੁਹੱਈਆ ਕਰਵਾ ਦੇਣਗੇ।
ਦਸਵੀਂ ਕਲਾਸ ਦੀ ਵਿਦਿਆਰਥਣ ਲਵਪ੍ਰੀਤ ਕੌਰ ਨੇ ਦੱਸਿਆ ਕਿ ਲੌਕਡਾਊਨ ਦੇ ਕਾਰਨ ਉਨ੍ਹਾਂ ਦੇ ਸਕੂਲ ਬੰਦ ਸੀ ਅਤੇ ਸਰਕਾਰ ਵੱਲੋਂ ਆਨਲਾਈਨ ਪੜ੍ਹਾਈ ਕਰਨ ਦੇ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਦੇ ਮਾਪਿਆਂ ਕੋਲ ਮਹਿੰਗੇ ਮੋਬਾਈਲ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਕੋਲ ਕਿਤਾਬਾਂ ਸਨ। ਇਸ ਦੇ ਚੱਲਦਿਆਂ ਈਟੀਵੀ ਭਾਰਤ ਵੱਲੋਂ ਦਿਖਾਈ ਗਈ ਖ਼ਬਰ ਤੋਂ ਬਾਅਦ ਹੁਣ ਉਨ੍ਹਾਂ ਨੂੰ ਕਿਤਾਬਾਂ ਸਕੂਲਾਂ ਚੋਂ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਹਨ, ਜਿਸ ਦੇ ਲਈ ਉਹ ਈਟੀਵੀ ਭਾਰਤ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ।
ਬੱਚਿਆਂ ਦੇ ਮਾਪਿਆ ਨੇ ਦੱਸਿਆ ਕਿ ਲੌਕਡਾਊਨ ਦੇ ਚੱਲਦਿਆਂ ਸਕੂਲ ਬੰਦ ਹੋਣ ਕਾਰਨ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਨ 'ਚ ਮੁਸ਼ਕਿਲਾ ਆ ਰਹੀਆਂ ਸਨ ਅਤੇ ਉਨ੍ਹਾਂ ਕੋਲ ਕਿਤਾਬਾਂ ਨਹੀਂ ਸਨ ਤੇ ਨਾ ਹੀ ਉਨ੍ਹਾਂ ਕੋਲ ਮਹਿੰਗੇ ਮੋਬਾਇਲ ਸਨ ਟੀਵੀ 'ਤੇ ਖ਼ਬਰ ਦਿਖਾਉਣ ਤੋਂ ਬਾਅਦ ਹੁਣ ਉਨ੍ਹਾਂ ਦੇ ਸਕੂਲਾਂ 'ਚੋਂ ਕਿਤਾਬਾਂ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਦੇ ਲਈ ਉਹ ਸਰਕਾਰ ਦਾ ਵੀ ਧੰਨਵਾਦ ਕਰਦੇ ਹਨ।