ਮਾਨਸਾ: ਪੁਲਿਸ ਨੇ ਭਾਰਤੀ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਤਿੰਨ ਲੋਕਾਂ ਨੂੰ 6 ਲੱਖ 22 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਨੂੰ ਜਾਅਲੀ ਨੋਟ ਛਾਪਣ ਲਈ ਇਸਤੇਮਾਲ ਕੀਤਾ ਜਾਣ ਵਾਲਾ ਸਮਾਨ, ਪ੍ਰਿੰਟਰ ਕਮ ਸਕੈਨਰ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਫੜੇ ਗਏ ਤਿੰਨੇ ਦੋਸ਼ੀ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਹਨ।
ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਕੇ ਮੋਟਰ ਸਾਈਕਲ ਸਵਾਰ ਦੋ ਵਿਅਕਤੀਆਂ ਨੂੰ 2 ਲੱਖ 50 ਹਜ਼ਾਰ ਦੀ ਜਾਅਲੀ ਭਾਰਤੀ ਕਰੰਸੀ ਸਮੇਤ ਕਾਬੂ ਕੀਤਾ। ਮਾਨਸਾ ਦੇ ਡੀਐੱਸਪੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪ੍ਰੀਤਮ ਸਿੰਘ, ਚਰਨਜੀਤ ਸਿੰਘ ਅਤੇ ਦਾਰਾ ਸਿੰਘ ਦੇ ਖਿਲਾਫ਼ ਥਾਣਾ ਸਦਰ ਮਾਨਸਾ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਜਗਮੇਲ ਸਿੰਘ ਦਾ ਹੋਇਆ ਪੋਸਟਮਾਰਟਮ, ਮ੍ਰਿਤਕ ਦੇਹ ਨੂੰ ਲਿਜਾਇਆ ਜਾ ਰਿਹਾ ਪਿੰਡ
ਨਾਕੇਬੰਦੀ ਦੌਰਾਨ ਪੁਲਿਸ ਨੇ ਦੋਸ਼ੀਆਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ 2 ਲੱਖ 50 ਹਜ਼ਾਰ 500 ਦੀ ਜਾਅਲੀ ਕਰੰਸੀ ਲੈ ਕੇ ਜਾ ਰਹੇ ਸਨ। ਡੀਐੱਸਪੀ ਨੇ ਦੱਸਿਆ ਕਿ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਇਨ੍ਹਾਂ ਦੀ ਨਿਸ਼ਾਨਦੇਹੀ ਤੇ 3 ਲੱਖ 63 ਹਜ਼ਾਰ 500 ਦੀ ਹੋਰ ਰਾਸ਼ੀ ਬਰਾਮਦ ਕੀਤੀ ਹੈ।