ਮਾਨਸਾ: ਜ਼ਿਲ੍ਹੇ ਵਿੱਚ ਨਰਮੇ ਦੀ ਚੁਗਾਈ ਸ਼ੁਰੂ ਹੋ ਗਈ ਹੈ ਅਤੇ ਇਸ ਵਾਰ ਕਿਸਾਨਾਂ ਦਾ ਚਿੱਟਾ ਸੋਨਾ ਕਿਸਾਨਾਂ ਲਈ ਬਹੁਤ ਹੀ ਲਾਭਦਾਇਕ ਹੋਵੇਗਾ ਕਿਉਂਕਿ ਇਸ ਵਾਰ ਨਰਮੇ ਦੀ ਬੰਪਰ ਫ਼ਸਲ ਹੋਣ ਜਾ ਰਹੀ ਹੈ। ਮਾਨਸਾ ਜ਼ਿਲ੍ਹੇ ਵਿੱਚ ਨਰਮੇ ਦੀ ਚੰਗੀ ਪੈਦਾਵਾਰ ਨੂੰ ਦੇਖ ਕੇ ਕਿਸਾਨ ਵੀ ਬਾਗੋਬਾਗ ਹਨ, ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਵਧੀਆ ਬੀਜ ਅਤੇ ਸਪਰੇਅ ਮੁਹੱਈਆ ਕਰਵਾਈ ਗਈ ਸੀ ਜਿਸ ਦੇ ਚੱਲਦਿਆਂ ਨਰਮੇ ਦੀ ਬੰਪਰ ਫ਼ਸਲ ਹੋਵੇਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਜੇਕਰ ਨਰਮੇ ਦਾ ਵਧੀਆ ਮੁੱਲ ਦਿੱਤਾ ਜਾਵੇ ਤਾਂ ਉਹ ਅੱਗੇ ਤੋਂ ਝੋਨੇ ਦੀ ਫ਼ਸਲ ਵੱਲ ਮੂੰਹ ਤੱਕ ਨਹੀਂ ਕਰਨਗੇ।
ਕਿਸਾਨਾਂ ਦਾ ਕਹਿਣਾ ਸੀ ਕਿ ਬੇਸ਼ੱਕ ਪਿਛਲੇ ਸਮੇਂ ਵਿੱਚ ਨਰਮੇ ਦੀ ਫ਼ਸਲ ਤੋਂ ਕਿਸਾਨ ਮੂੰਹ ਮੋੜ ਚੁੱਕੇ ਸਨ ਪਰ ਇਸ ਵਾਰ ਨਰਮੇ ਦੀ ਬੰਪਰ ਫ਼ਸਲ ਕਿਸਾਨਾਂ ਨੂੰ ਆਪਣੇ ਵੱਲ ਫਿਰ ਆਕਰਸ਼ਿਤ ਕਰੇਗੀ ਅਤੇ ਕਿਸਾਨ ਅਗਲੀ ਵਾਰ ਨਰਮੇ ਦੀ ਜ਼ਿਆਦਾ ਕਾਸ਼ਤ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੀ ਕਿਸਾਨਾਂ ਨੂੰ ਨਰਮੇ ਦਾ ਚੰਗਾ ਮੁੱਲ ਦੇਵੇ ਤਾਂ ਕਿਸਾਨ ਨਰਮੇ ਵੱਲ ਦੀ ਫ਼ਸਲ ਵੱਲ ਜਾਣ ਲੱਗਣਗੇ। ਨਰਮਾ ਚੁਗਣ ਵਾਲੇ ਮਜ਼ਦੂਰਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਦੀ ਫ਼ਸਲ ਚੰਗੀ ਹੋਵੇਗੀ ਤਾਂ ਹੀ ਉਨ੍ਹਾਂ ਦੇ ਚੁੱਲ੍ਹੇ ਚੌਂਕੇ ਚੱਲਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਨਰਮੇ ਦੀ ਫ਼ਸਲ ਚੰਗੀ ਹੈ ਅਤੇ ਉਨ੍ਹਾਂ ਨੂੰ ਰੁਜ਼ਗਾਰ ਵੀ ਵਧੀਆ ਮਿਲੇਗਾ।
ਖੇਤੀਬਾੜੀ ਦੇ ਮੁੱਖ ਚੀਫ਼ ਅਫ਼ਸਰ ਗੁਰਮੇਲ ਸਿੰਘ ਨੇ ਕਿਹਾ ਕਿ ਇਸ ਵਾਰ ਮਾਨਸਾ ਜ਼ਿਲ੍ਹੇ ਵਿੱਚ 80 ਹੈਕਟੇਅਰ ਨਰਮੇ ਦੀ ਫ਼ਸਲ ਦੀ ਬਿਜਾਈ ਕੀਤੀ ਗਈ ਸੀ ਜਿਸ ਵਿੱਚੋਂ 37 ਹਜ਼ਾਰ ਏਕੜ ਦੇ ਕਰੀਬ ਪਿਛਲੇ ਸਮੇਂ ਹੋਈ ਬਾਰਿਸ਼ ਦੇ ਕਾਰਨ ਖਰਾਬ ਹੋ ਗਈ ਸੀ। ਉਨ੍ਹਾਂ ਕਿਹਾ ਕਿ 76 ਹੈਕਟੇਅਰ ਨਰਮੇ ਦੀ ਫਸਲ ਜ਼ਿਲ੍ਹੇ ਭਰ ਵਿੱਚ ਹੈ ਜੋ ਕਿ ਬੰਪਰ ਫ਼ਸਲ ਹੋਵੇਗੀ, ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ ਅਤੇ ਕੈਂਪਾਂ ਰਾਹੀਂ ਵੀ ਕਿਸਾਨਾਂ ਨੂੰ ਫ਼ਸਲ ਦੀ ਪੈਦਾਵਾਰ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਜਿਸ ਦੇ ਚੱਲਦਿਆਂ ਇਸ ਵਾਰ ਮਾਨਸਾ ਜ਼ਿਲ੍ਹੇ ਵਿੱਚ ਨਰਮੇ ਦੀ ਬੰਪਰ ਫ਼ਸਲ ਹੋਵੇਗੀ।