ਮਾਨਸਾ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜੱਥੇਬੰਦੀਆਂ ਵੱਲੋਂ ਦਿੱਲੀ ਸਰਹੱਦ 'ਤੇ ਵੱਡੀ ਗਿਣਤੀ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ, ਉਥੇ ਧਰਨਕਾਰੀਆਂ ਨੂੰ ਜਿੱਥੇ ਹਰ ਤਰ੍ਹਾਂ ਦੀ ਮਦਦ ਮਿਲ ਰਹੀ ਹੈ ਉਸ ਤਹਿਤ ਸੋਮਵਾਰ ਮਾਨਸਾ ਦੇ ਸਰਕਾਰੀ ਮੁਲਾਜ਼ਮ ਤੇ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਨੇ ਦਿੱਲੀ ਵਿਖੇ ਕਿਸਾਨਾਂ ਲਈ ਗੀਜਰ, ਭੱਠੀਆਂ ਅਤੇ ਲੱਕੜਾਂ ਭੇਜੀਆਂ ਗਈਆਂ।
ਇਸ ਮੌਕੇ ਗੱਲਬਾਤ ਦੌਰਾਨ ਆਗੂਆਂ ਨੇ ਕਿਹਾ ਕਿ ਦਿੱਲੀ ਵਿਖੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ, ਜਿਨ੍ਹਾਂ ਦੀ ਮਦਦ ਲਈ ਉਨ੍ਹਾਂ ਵੱਲੋਂ 50 ਹਜ਼ਾਰ ਰੁਪਏ ਦੀ ਲਾਗਤ ਨਾਲ ਗੀਜਰ, ਭੱਠੀਆਂ ਅਤੇ ਲੱਕੜਾਂ ਟਰੱਕ ਰਾਹੀਂ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਇਸ ਮਦਦ ਵਿੱਚ ਹਾਂਗਕਾਂਗ ਬੈਠੇ ਪੰਜਾਬੀ ਭਰਾਵਾਂ ਨੇ ਵੀ ਸਹਿਯੋਗ ਦਿੱਤਾ ਹੈ ਅਤੇ ਭਰੋਸਾ ਦਿੱਤਾ ਹੈ ਕਿ ਉਹ ਹੋਰ ਵੀ ਸਹਿਯੋਗ ਲਈ ਦਸਣ, ਜਿਸ ਲਈ ਉਹ ਤਿਆਰ ਹਨ।
ਆਗੂਆਂ ਨੇ ਕਿਹਾ ਕਿ ਉਹ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਹਨ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਰਹਿਣਗੇ। ਦਿੱਲੀ ਲਈ ਟਰੱਕ ਰਵਾਨਾ ਕਰਨ ਤੋਂ ਪਹਿਲਾਂ ਕਿਸਾਨਾਂ ਨੇ ਇਥੇ ਕੇਂਦਰ ਸਰਕਾਰ ਵਿਰੁੱਧ ਭਰਵੀਂ ਨਾਅਰੇਬਾਜ਼ੀ ਵੀ ਕੀਤੀ।
ਉਨ੍ਹਾਂ ਕਿਹਾ ਕੇਂਦਰ ਸਰਕਾਰ ਚਾਹੀਦਾ ਹੈ ਕਿ ਉਹ ਆਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਸੁਣ ਕੇ ਖੇਤੀ ਕਾਨੂੰਨ ਰੱਦ ਕਰੇ ਨਹੀਂ ਤਾਂ ਉਹ ਵੀ ਵੱਡੀ ਗਿਣਤੀ ਵਿੱਚ ਦਿੱਲੀ ਜਾ ਕੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਸ਼ੰਘਰਸ ਵਿੱਚ ਸ਼ਾਮਿਲ ਹੋਣਗੇ।