ਮਾਨਸਾ: ਕੋਰੋਨਾ ਮਹਾਂਮਾਰੀ ਦੌਰਾਨ ਬੀਤੇ 5 ਮਹੀਨਿਆਂ ਤੋਂ ਦੇਸ਼ ਅੰਦਰ ਸਕੂਲ ਬੰਦ ਹਨ। ਅਜਿਹੇ 'ਚ ਸਕੂਲਾਂ ਵੱਲੋਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਤਾਂ ਜੋਂ ਉਨ੍ਹਾਂ ਦੇ ਭਵਿੱਖ ਦਾ ਨੁਕਸਾਨ ਨਾ ਹੋਵੇ, ਪਰ ਬੱਚਿਆਂ ਦੇ ਮਾਪੇ ਤੇ ਪ੍ਰਾਈਵੇਟ ਸਕੂਲਾਂ ਵਿਚਾਲੇ ਤਣਾਤਨੀ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ ਹੈ।
ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਲੌਕਡਾਊਨ ਕਾਰਨ ਉਨ੍ਹਾਂ ਨੂੰ ਖਾਣ ਦੇ ਵੀ ਲਾਲੇ ਪਏ ਹੋਏ ਹਨ, ਅਜਿਹੇ 'ਚ ਉਹ ਸਕੂਲ ਫੀਸਾਂ ਕਿਥੋਂ ਦੇ ਸਕਦੇ ਹਨ। ਬੱਚਿਆਂ ਦੇ ਮਾਪਿਆਂ ਨੇ ਇਲਜ਼ਾਮ ਲਗਾਉਦੇ ਹੋਏ ਕਿਹਾ ਕਿ ਸਕੂਲ ਵਾਲੇ ਉਨ੍ਹਾਂ ਨੂੰ ਵਾਰ ਵਾਰ ਫ਼ੋਨ ਕਰਕੇ ਫੀਸ ਭਰਣ ਲਈ ਮਜਬੂਰ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਕੂਲ ਪ੍ਰਸ਼ਾਸਨ ਉਨ੍ਹਾਂ ਨੂੰ ਧਮਕੀ ਦੇ ਰਿਹਾ ਹੈ ਕਿ ਜੇ ਉਨ੍ਹਾਂ ਜਲਦ ਸਕੂਲ ਫੀਸ ਤੇ ਦਾਖ਼ਲੇ ਦੀ ਰਕਮ ਨਹੀਂ ਭਰੀ ਤਾਂ ਉਨ੍ਹਾਂ ਦੇ ਬੱਚਿਆਂ ਨਾਂਅ ਕੱਟ ਦਿੱਤਾ ਜਾਵੇਗਾ।
ਬੱਚਿਆਂ ਦੇ ਮਾਪਿਆਂ ਨੇ ਪੰਜਾਬ ਸਰਕਾਰ ਤੋਂ ਗੁਹਾਰ ਲਾਈ ਹੈ ਕਿ ਉਹ ਇਸ ਮੁੱਦੇ ਨੂੰ ਜਲਦ ਤੋਂ ਜਲਦ ਸੁਲਝਾਉਣ ਤੇ ਪ੍ਰਾਈਵੇਟ ਸਕੂਲ 'ਤੇ ਆਪਣੀ ਨਕੇਲ ਕਸਣ ਤਾਂ ਜੋਂ ਬੱਚਿਆਂ ਦੇ ਮਾਪਿਆਂ 'ਤੇ ਬੋਝ ਨਾ ਪਵੇ।
ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਲਾਭ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਕਿਸੇ ਵੀ ਬੱਚੇ ਦੇ ਮਾਪਿਆਂ ਦੀ ਸ਼ਿਕਾਇਤ ਨਹੀਂ ਆਈ ਹੈ। ਗੁਰਲਾਭ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੀ ਵੀ ਮਜਬੂਰੀ ਹੈ ਕਿ ਉਹ ਸਕੂਲ ਫੀਸਾਂ ਮੰਗ ਰਹੇ ਹਨ ਕਿਉਂਕਿ ਉਨ੍ਹਾਂ ਨੇ ਵੀ ਆਨਲਾਈਨ ਪੜ੍ਹਾ ਰਹੇ ਅਧਿਆਪਕਾਂ ਦੀ ਤਨਖ਼ਾਹ ਦੇਣੀ ਹੁੰਦੀ ਹੈ। ਇਸ ਲਈ ਜੋ ਮਾਪੇ ਫ਼ੀਸ ਨਹੀਂ ਭਰ ਸਕਦੇ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਦਾਖ਼ਲ ਕਰਵਾ ਲੈਣ। ਉਨ੍ਹਾਂ ਆਪਣੀ ਗੱਲ ਨੂੰ ਢੱਕਣ ਲਈ ਅੱਗੇ ਕਿਹਾ ਕਿ ਸਰਕਾਰੀ ਸਕੂਲ ਦਾ ਨਤੀਜਾ ਪ੍ਰਾਈਵੇਟ ਸਕੂਲ ਨਾਲੋਂ ਕਈ ਗੁਣਾ ਵਧੀਆਂ ਆਇਆ ਹੈ।