ਮਾਨਸਾ: ਕਸਬਾ ਬੋਹਾ ਦੀ ਨਗਰ ਪੰਚਾਇਤ ਵੱਲੋਂ ਨਰਮੇ ਦੀ ਖ਼ਰਾਬ ਹੋਈ ਫ਼ਸਲ ਦੇ ਕਾਰਨ ਗ਼ਰੀਬ ਮਜ਼ਦੂਰਾਂ ਨੂੰ ਸਰਕਾਰ ਵੱਲੋਂ ਭੇਜੀ ਗਈ 25 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਵਿੱਚ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਅਧਿਕਾਰ ਦੇ ਤਹਿਤ ਲਈ ਗਈ ਜਾਣਕਾਰੀ ਵਿੱਚ ਖੁਲਾਸਾ ਹੋਇਆ ਕਿ ਕਈ ਸਾਲ ਪਹਿਲਾਂ ਮਰ ਚੁੱਕੇ ਲੋਕਾਂ ਨੂੰ ਵੀ ਮੁਆਵਜ਼ਾ ਜਾਰੀ ਕੀਤਾ ਹੋਇਆ ਹੈ ਅਤੇ ਦੂਜੇ ਪਾਸੇ ਕਈ ਮਜ਼ਦੂਰਾਂ ਨੂੰ ਇਹ ਮੁਆਵਜ਼ਾ ਮਿਲਿਆ ਹੀ ਨਹੀਂ।
ਦੱਸ ਦਈਏ ਕਿ ਸਾਲ 2015 ਵਿੱਚ ਨਰਮੇ ਦੀ ਫ਼ਸਲ ਚਿੱਟੀ ਮੱਖੀ ਅਤੇ ਮੀਂਹ ਕਾਰਨ ਖ਼ਰਾਬ ਹੋ ਜਾਣ ਕਰਕੇ ਸਰਕਾਰ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਸੀ। ਮਾਨਸਾ ਦੇ ਕਸਬਾ ਬੋਹਾ ਵਿੱਚ ਨਗਰ ਪੰਚਾਇਤ ਵੱਲੋਂ 1200 ਤੋਂ ਜ਼ਿਆਦਾ ਮਜ਼ਦੂਰਾਂ ਨੂੰ 2-2 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਗਿਆ ਪਰ ਇਸ ਮੁਆਵਜ਼ਾ ਰਾਸ਼ੀ ਨੂੰ ਦੇਣ ਵਿੱਚ ਹੋਏ ਘਪਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਸੂਚਨਾ ਕਾਨੂੰਨ ਦੇ ਤਹਿਤ ਮਜ਼ਦੂਰ ਗੁਰਸੇਵਕ ਸਿੰਘ ਵੱਲੋਂ ਜਾਣਕਾਰੀ ਪ੍ਰਾਪਤ ਕੀਤੀ ਗਈ।
ਇਹ ਵੀ ਪੜ੍ਹੋ: ਨਿਰਭਯਾ ਮਾਮਲੇ 'ਚ ਦੋਸ਼ੀਆਂ ਵਿਰੁੱਧ ਡੈੱਥ ਵਾਰੰਟ ਜਾਰੀ, 14 ਦਿਨ ਬਾਅਦ ਦਿੱਤੀ ਜਾਵੇਗੀ ਫਾਂਸੀ
ਉਨ੍ਹਾਂ ਦੱਸਿਆ ਕਿ ਪ੍ਰਾਪਤ ਜਾਣਕਾਰੀ ਵਿੱਚ ਜਿੱਥੇ ਕਈ ਸਾਲ ਪਹਿਲਾਂ ਮਰ ਚੁੱਕੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਦਿਖਾਇਆ ਗਿਆ ਹੈ ਉੱਥੇ ਹੀ ਕਈ ਲੋਕਾਂ ਨੂੰ ਦੋ ਤੋਂ ਚਾਰ ਵਾਰ ਮੁਆਵਜ਼ਾ ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਦੀ ਸ਼ਿਕਾਇਤ ਡੀਸੀ ਮਾਨਸਾ ਨੂੰ ਕੀਤੀ ਹੈ ਪਰ ਅਜੇ ਤੱਕ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ।
ਦੂਜੇ ਪਾਸੇ ਨਗਰ ਪੰਚਾਇਤ ਦੇ ਅਧਿਕਾਰੀ ਇਸ ਵਿੱਚ ਕਿਸੇ ਵੀ ਪ੍ਰਕਾਰ ਦੀ ਘਪਲੇਬਾਜੀ ਨਾ ਹੋਣ ਦੀ ਗੱਲ ਕਹਿ ਰਹੇ ਹਨ। ਨਗਰ ਪੰਚਾਇਤ ਬੋਹਾ ਦੇ ਕਾਰਜ ਸਾਧਕ ਅਫ਼ਸਰ ਰਵੀ ਕੁਮਾਰ ਨੇ ਦੱਸਿਆ ਕਿ ਬੇਸ਼ੱਕ ਮਾਮਲਾ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਦਾ ਹੈ ਪਰ ਫਿਰ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ।