ਮਾਨਸਾ : ਲੌਕਡਾਊਨ ਖ਼ਤਮ ਹੋਣ ਮਗਰੋਂ ਸ਼ਹਿਰ 'ਚ ਅਪਰਾਧਕ ਘਟਨਾਵਾਂ ਵੱਧ ਗਈਆਂ ਹਨ। ਅਜਿਹਾ ਇੱਕ ਮਾਮਲਾ ਸ਼ਹਿਰ ਦੇ ਲੱਲੂਆਣਾ ਤੋਂ ਸਾਹਮਣੇ ਆਇਆ ਹੈ। ਇਲਾਕੇ 'ਚ ਪੁਰਾਣੀ ਰੰਜਿਸ਼ ਦੇ ਕਾਰਨ ਦੋ ਧਿਰਾਂ ਵਿਚਾਲੇ ਸਰੇਆਮ ਹਥਿਆਰ ਤੇ ਗੋਲੀਆਂ ਚਲੀਆਂ। ਇਸ ਦੌਰਾਨ ਇੱਕ ਦੀ ਮੌਤ ਹੋਣ ਦੀ ਖ਼ਬਰ ਹੈ।
ਜਾਣਕਾਰੀ ਮੁਤਾਬਕ ਸੋਮਵਾਰ ਰਾਤ ਲੱਲੂਆਣਾ ਰੋਡ 'ਤੇ ਦੋ ਧਿਰਾਂ ਵਿਚਾਲੇ ਪੁਰਾਣੀ ਰੰਜਿਸ਼ ਦੇ ਚਲਦੇ ਝਗੜਾ ਹੋ ਗਿਆ। ਇਸ ਦੌਰਾਨ ਇੱਕ ਧਿਰ ਨੇ ਦੂਜੀ ਧਿਰ ਦੇ ਲੋਕਾਂ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਗੋਲੀਆਂ ਵੀ ਚੱਲਾਈਆਂ। ਇਸ ਹਾਦਸੇ 'ਚ ਬਲਵਿੰਦਰ ਸਿੰਘ ਨਾਂਅ ਦੇ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੁਲਾਬ ਸਿੰਘ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਸਿਵਲ ਹਸਪਤਾਲ ਮਾਨਸਾ 'ਚ ਜ਼ੇਰੇ ਇਲਾਜ ਰੱਖਿਆ ਗਿਆ ਹੈ।
ਮ੍ਰਿਤਕ ਦੇ ਭਰਾ ਅਤੇ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਦੂਜੀ ਧਿਰ ਦੇ ਲੋਕਾਂ ਨੇ ਅਚਾਨਕ ਬਲਵਿੰਦਰ ਸਿੰਘ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਗੁਲਾਬ ਸਿੰਘ ਨੇ ਕਿਹਾ ਕਿ ਜਦ ਉਹ ਬਲਵਿੰਦਰ ਨੂੰ ਬਚਾਉਣ ਲਈ ਗਿਆ ਤਾਂ ਹਮਲਾਵਰਾਂ ਨੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਤੇ ਉਸ 'ਤੇ ਫਾਈਰਿੰਗ ਵੀ ਕੀਤੀ। ਮ੍ਰਿਤਕ ਦੇ ਭਰਾ ਨੇ ਹਮਲਾਵਰਾਂ ਉੱਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਵੀ ਲਾਏ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕਰਦਿਆਂ ਮੁਲਜ਼ਮਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਡਾ.ਰਮਨਦੀਪ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਨਾਂਅ ਦੇ ਗੰਭੀਰ ਜ਼ਖਮੀ ਨੌਜਵਾਨ ਨੂੰ ਹਸਪਤਾਲ 'ਚ ਇਲਾਜ ਲਈ ਲਿਆਂਦਾ ਗਿਆ ਸੀ, ਪਰ ਹਸਪਤਾਲ ਪੁੱਜਣ ਤੋਂ ਬਾਅਦ ਮਹਿਜ਼ ਕੁੱਝ ਮਿੰਟਾਂ 'ਚ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਇੱਕ ਹੋਰ ਸਾਥੀ ਨੂੰ ਗੋਲੀ ਲੱਗੀ ਹੈ ਤੇ ਉਸ ਦਾ ਇਲਾਜ ਜਾਰੀ ਹੈ। ਡਾ.ਰਮਨਦੀਪ ਨੇ ਆਖਿਆ ਕਿ ਉਹ ਪੁਲਿਸ ਨੂੰ ਇਸ ਮਾਮਲੇ ਸਬੰਧੀ ਸੂਚਨਾ ਦੇ ਚੁੱਕੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਥਾਣਾ ਸਿਟੀ ਤੋਂ ਮਾਨਸਾ ਪੁਲਿਸ ਬੇਸ਼ੱਕ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਚੁੱਕੀ ਹੈ, ਪਰ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਉੱਤੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ।