ਮਾਨਸਾ: ਕਿਸਾਨਾਂ ਵੱਲੋਂ ਪਿਛਲੇ ਦਿਨੀਂ ਗੜੇਮਾਰੀ ਦੇ ਨਾਲ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਦੇ ਲਈ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਬਾਹਰ ਧਰਨਾ ਲਗਾ ਕੇ ਪੰਜਾਬ ਸਰਕਾਰ ਤੋਂ ਮੁਆਵਜ਼ਾ ਰਾਸ਼ੀ ਵਧਾਉਣ ਦੀ ਮੰਗ ਕੀਤੀ ਗਈ ਹੈ। ਇਸ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਭੜਾਸ ਕੱਢੀ। ਕਿਸਾਨਾਂ ਨੇ ਆਖਿਆ ਕਿ ਜੋ ਮੁੱਖ ਮੰਤਰੀ ਨੇ ਇੱਕ ਹਫ਼ਤੇ ਅੰਦਰ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਹਨ ਉਹ ਜ਼ਮੀਨੀ ਪੱਧਰ 'ਤੇ ਲਾਗੂ ਨਹੀਂ ਹੋ ਸਕਦੇ ਕਿਉਂਕਿ ਇੱਕ ਪਟਵਾਰੀ ਕੋਲ 8 ਤੋਂ 10 ਪਿੰਡ ਹਨ ਅਜਿਹੇ 'ਚ ਸੰਭਵ ਹੀ ਨਹੀਂ ਇੱਕ ਇੱਕ ਵਿਅਕਤੀ ਗਿਰਦਾਵੀ ਕਰ ਸਕੇ। ਕਿਸਾਨਾਂ ਨੇ ਆਖਿਆ ਕਿ ਪਟਵਾਰੀ ਦੇ ਨਾਲ ਹੋਰ ਅਫ਼ਸਰਾਂ ਦੀ ਡਿਊਟੀ ਵੀ ਲਗਾਈ ਜਾਵੇ ਤਾਂ ਜੋ ਕੰਮ ਵਿੱਚ ਤੇਜ਼ੀ ਆਵੇ।
ਮੁਆਵਜ਼ੇ ਦੀ ਰਾਸ਼ੀ 'ਚ ਵਾਧਾ: ਕਿਸਾਨਾਂ ਨੇ ਪੰਜਾਬ ਸਰਕਾਰ 'ਤੇ ਝੂਠ ਬੋਲਣ ਦਾ ਇਲਜ਼ਾਮ ਲਗਾਇਆ ਹੈ। ਕਿਸਾਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੇ ਮੁਆਵਜ਼ੇ ਦੀ ਰਾਸ਼ੀ 'ਚ 25 ਫੀਸਦੀ ਵਾਧੇ ਦੀ ਗੱਲ ਆਖੀ ਹੈ ਉਸ ਵਿੱਚ ਰਤਾ ਵੀ ਸੱਚਾਈ ਨਹੀਂ। ਕਿਸਾਨਾਂ ਨੇ ਆਖਿਆ ਕਿ 15 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਦੀ ਮੁਆਵਜ਼ਾ ਰਾਸ਼ੀ ਵਿੱਚ ਵਾਧਾ ਕੀਤਾ ਗਿਆ ਜਦੋਂ ਕਿ ਸਰਕਾਰ ਵੱਲੋਂ 17 ਹਜ਼ਾਰ ਖ਼ਰਾਬੇ ਦਾ ਮੁਆਵਜ਼ਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਮੁਆਵਜ਼ਾ ਸਰਕਾਰ ਵੱਲੋਂ ਖਟਕੜ ਕਲਾਂ ਵਿਖੇ ਐਲਾਨ ਕੀਤਾ ਗਿਆ ਸੀ ਕਿ ਜੇਕਰ ਕਿਸੇ ਕਿਸਮ ਦੀ ਫ਼ਸਲ ਦਾ ਨੁਕਸਾਨ ਹੋਵੇਗਾ ਗਿਰਦਾਵਰੀ ਤੋਂ ਪਹਿਲਾਂ ਉਨ੍ਹਾਂ ਨੂੰ 20 ਹਜ਼ਾਰ ਮੁਆਵਜ਼ਾ ਪੰਜਾਬ ਸਰਕਾਰ ਦੇਵੇਗੀ ਪਰ ਅਜਿਹਾ ਕੁੱਝ ਵੀ ਨਹੀਂ ਹੋਇਆ।
ਹਰ ਚੀਜ਼ 'ਤੇ ਮਿਲੇ ਮੁਆਵਜ਼ਾ: ਧਰਨੇ ਦੌਰਾਨ ਕਿਸਾਨਾਂ ਨੇ ਆਖਿਆ ਕਿ ਤੇਜ਼ ਬਰਸਾਤ ਅਤੇ ਗੜੇਮਾਰੀ ਕਾਰਨ ਸਿਰਫ਼ ਕਣਕ ਦਾ ਹੀ ਨੁਕਸਾਨ ਨਹੀਂ ਹੋਇਆ। ਇਸ ਦੇ ਨਾਲ ਘਰਾਂ ਦੀ ਛੱਤਾਂ ਡਿੱਗ ਗਈਆਂ, ਘਰ ਢਹਿ-ਢੇਰੀ ਹੋ ਗਏ, ਬਾਗਬਾਨੀ ਦਾ ਨੁਕਸਾਨ ਵੀ ਬਹੁਤ ਹੋਇਆ ਹੈ। ਇਸ ਲਈ ਹਰ ਪੀੜਤ ਨੂੰ ਸਰਕਾਰ ਮੁਆਵਜ਼ਾ ਦੇਵੇ।ਉਨ੍ਹਾਂ ਆਖਿਆ ਕਿ ਕਈ ਪਿੰਡ ਤਾਂ ਅਜਿਹੇ ਵੀ ਹਨ ਜਿੱਥੇ ਹੁਣ ਤੱਕ ਨਾ ਕੋਈ ਪਟਵਾਰੀ ਅਤੇ ਨਾ ਹੀ ਕੋਈ ਪੰਜਾਬ ਸਰਕਾਰ ਨੁਮਾਇੰਦਾ ਅਤੇ ਨਾ ਹੀ ਕੋਈ ਮੰਤਰੀ ਜਾ ਐੱਮ.ਐੱਲ.ਏ. ਕਿਸਾਨਾਂ ਦੀ ਸਾਰ ਲੈਣ ਪਹੁੰਚਿਆ ਹੈ। ਕਿਸਾਨਾਂ ਨੇ ਆਪਣਾ ਦਰਦ ਜਾਹਿਰ ਕਰਦੇ ਹੋਏ ਆਖਿਆ ਕਿ ਕਿਸਾਨਾਂ ਉੱਤੇ ਤਾਂ ਪਹਿਲਾਂ ਹੀ ਰੱਬ ਦੀ ਬਹੁਤ ਵੱਡੀ ਮਾਰ ਪਈ ਹੈ । ਹੁਣ ਜੇਕਰ ਸਰਕਾਰ ਵੀ ਕਿਸਾਨਾਂ ਨਾ ਅਜਿਹਾ ਸਲੂਕ ਕਰੇਗੀ ਤਾਂ ਕਿਸਾਨਾਂ ਦਾ ਕੀ ਬਣੇਗਾ। ਉਨ੍ਹਾਂ ਆਖਿਆ ਕਿ ਹੁਣ ਕੰਮ ਜ਼ਮੀਨੀ ਪੱਧਰ 'ਤੇ ਕਰਨ ਦੀ ਲੋੜ ਹੈ ਨਾ ਕਿ ਗੱਲਾਂਬਾਤਾਂ ਨਾਲ ਝੂਠੀਆਂ ਤਸੱਲੀਆਂ ਦੇਣ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ: Old Currency Collection: ਇਸ ਸਖ਼ਸ਼ ਕੋਲ ਕਈ ਦਹਾਕੇ ਪੁਰਾਣੀ ਕਰੰਸੀ ਦੀ ਸੰਭਾਲ, ਤੇਂਦੁਲਕਰ ਦਾ ਵੀ ਫੈਨ, ਸੰਭਾਲੀਆਂ ਖ਼ਬਰਾਂ ਦੀਆਂ ਕਟਿੰਗਾਂ