ਮਾਨਸਾ: ਕਿਸਾਨ ਜਿੱਥੇ ਪਿਛਲੇ 52 ਦਿਨਾਂ ਤੋਂ ਰੇਲਵੇ ਸਟੇਸ਼ਨਾਂ ਉੱਤੇ, ਪੈਟਰੋਲ ਪੰਪਾਂ ਅਤੇ ਹੋਰ ਥਾਵਾਂ ਉੱਤੇ ਵਿਰੋਧ ਕਰਕੇ ਕੇਂਦਰ ਸਰਕਾਰ ਦੇ ਤਿੰਨ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ, ਉਥੇ ਹੀ ਵੱਖ-ਵੱਖ ਪਿੰਡਾਂ ਵਿੱਚ ਔਰਤਾਂ ਵੀ ਸੰਘਰਸ਼ ਵਿੱਚ ਆਪਣੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਹਨ ਅਤੇ ਹੁਣ ਔਰਤਾਂ ਵੱਲੋਂ ਦਿੱਲੀ ਧਰਨੇ ਲਈ ਘਰ-ਘਰ ਤੋਂ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ। ਜਿਸ ਨੂੰ ਕਿਸਾਨ ਟਰਾਲੀਆਂ ਵਿੱਚ ਭਰ ਕੇ ਦਿੱਲੀ ਲਈ ਨਾਲ ਲੈ ਕੇ ਜਾਣਗੇ।
ਰਾਸ਼ਨ ਇਕੱਠਾ ਕਰ ਰਹੀਆਂ ਔਰਤਾਂ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ 26-27 ਨਵੰਬਰ ਨੂੰ ਦਿੱਲੀ ਚੱਲਣ ਲਈ ਜਾਗਰੂਕ ਕਰ ਰਹੇ ਹਾਂ ਅਤੇ ਨਾਲ ਹੀ ਰਾਸ਼ਨ ਇਕੱਠਾ ਕਰ ਰਹੀਆਂ ਹਾਂ।
ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਜਾਣ ਲਈ ਤਿਆਰੀ ਖਿੱਚ ਲਈ ਹੈ ਅਤੇ 26-27 ਨਵੰਬਰ ਨੂੰ ਦਿੱਲੀ ਜਾ ਕੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਦਾ ਕੀਤਾ ਜਾ ਰਿਹਾ ਨੁਕਸਾਨ ਉਸ ਨੂੰ ਵਾਪਸ ਕਰਨ ਜਾ ਰਹੇ ਹਾਂ।
ਔਰਤਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਉਹ ਆਪਣੀ ਜਾਨ ਤੱਕ ਕੁਰਬਾਨ ਕਰ ਦੇਣਗੀਆਂ ਪਰ ਆਪਣੀ ਜ਼ਮੀਨ ਜਾਇਦਾਦ ਨਹੀਂ ਜਾਣ ਦੇਣਗੀਆਂ। ਉਨ੍ਹਾਂ ਕਿਹਾ ਕਿ ਰਸਤੇ ਵਿੱਚ ਸਾਨੂੰ ਜਿੱਥੇ ਕੀਤੇ ਵੀ ਰੋਕਣਗੇ ਅਸੀਂ ਉਥੇ ਹੀ ਧਰਨਾ ਦੇਵਾਂਗੇ ਅਤੇ ਹਿੰਦੁਸਤਾਨ ਨੂੰ ਜਾਣ ਵਾਲਾ ਦੁੱਧ ਪਾਣੀ ਸਭ ਕੁੱਝ ਬੰਦ ਕਰ ਦੇਵਾਂਗੇ।