ਮਾਨਸਾ: ਪਿੰਡ ਧਿੰਗੜ ਦੀ ਅਨਾਜ ਮੰਡੀ ਚੋਂ ਪਿਛਲੇ ਦੋ ਦਿਨਾਂ ਤੋਂ ਖਰੀਦ ਸ਼ੁਰੂ ਨਾ ਹੋਣ ਦੇ ਰੋਸ ਵਜੋਂ ਕਿਸਾਨਾਂ ਨੇ ਇਕੱਤਰ ਹੋ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਕਿਸਾਨਾਂ ਨੇ ਕਿਹਾ ਕਿ ਕਣਕ ਦੀ ਕੱਟੀ ਹੋਈ ਫ਼ਸਲ ਉਨ੍ਹਾਂ ਦੇ ਘਰਾਂ ਵਿਚ ਟਰਾਲੀਆਂ ਜੋ ਭਰੀ ਹੋਈ ਖੜ੍ਹੀ ਹੈ ਪਰ ਮੰਡੀ ਦੇ ਵਿੱਚ ਖ਼ਰੀਦ ਸ਼ੁਰੂ ਨਹੀਂ ਹੋਈ ਜਿਸ ਦੇ ਰੋਸ ਵਜੋਂ ਉਨ੍ਹਾਂ ਨੂੰ ਮਜਬੂਰੀ ਵੱਸ ਅੱਜ ਧਰਨਾ ਦੇਣਾ ਪਿਆ ਹੈ।
ਇਸ ਧਰਨੇ ਸਬੰਧੀ ਜਾਣਕਾਰੀ ਦਿੰਦਿਆ ਕਿਸਾਨ ਮੰਗਾ ਸਿੰਘ ਨੇ ਦੱਸਿਆ ਕਿ ਪਿੰਡ ਧਿੰਗੜ ਦੀ ਅਨਾਜ ਮੰਡੀ ਚੋਂ ਦੋ ਦਿਨ ਤੋਂ ਖਰੀਦ ਸ਼ੁਰੂ ਨਹੀਂ ਹੋਈ ਜਿਸ ਕਾਰਨ ਕਿਸਾਨਾਂ ਵੱਲੋਂ ਆਪਣੀ ਕਣਕ ਘਰਾਂ ਵਿੱਚ ਹੀ ਟਰਾਲੀਆਂ ਵਿਚ ਭਰ ਕੇ ਰੱਖੀ ਹੋਈ ਹੈ ਦੂਸਰਾ ਮੌਸਮ ਖਰਾਬ ਹੋਣ ਕਾਰਨ ਵੀ ਕਣਕ ਖੇਤਾਂ ਵਿਚ ਖੜ੍ਹੀ ਹੈ।
ਉਨ੍ਹਾਂ ਕਿਹਾ ਕਿ ਪਿੰਡ ਧਿੰਗੜ ਦੀ ਅਨਾਜ ਮੰਡੀ ਐਫਸੀਆਈ ਦੇ ਅਧੀਨ ਹੈ ਪਰ ਐਫਸੀਆਈ ਵੱਲੋਂ ਖ਼ਰੀਦ ਸ਼ੁਰੂ ਨਹੀਂ ਕਰਵਾਈ ਗਈ ਉਥੇ ਆੜ੍ਹਤੀਆਂ ਵੱਲੋਂ ਵੀ ਐਫਸੀਆਈ ਦੇ ਅਧੀਨ ਹੋਣ ਕਾਰਨ ਖ਼ਰੀਦ ਨਾ ਸ਼ੁਰੂ ਕਰਨ ਦਾ ਰਵੱਈਆ ਅਪਣਾਇਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਹੀ ਮੰਡੀ ਦੇ ਵਿੱਚ ਜਲਦੀ ਖਰੀਦ ਸ਼ੁਰੂ ਨਾ ਕਰਵਾਈ ਗਈ ਤਾਂ ਕਿਸਾਨਾਂ ਨੂੰ ਸੰਘਰਸ਼ ਕਰਨਾ ਪਵੇਗਾ ਜਿਸ ਦੇ ਚੱਲਦਿਆਂ ਉਨ੍ਹਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਵੀ ਗੱਲ ਲਿਆਂਦੀ ਹੈ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਮਸਲਾ ਜਲਦੀ ਹੀ ਹੱਲ ਹੋ ਜਾਵੇਗਾ।