ਮਾਨਸਾ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਿਸਾਨਾਂ 'ਤੇ ਦਰਜ ਕੀਤੇ ਗਏ ਪਰਚੇ ਰੱਦ ਕਰਵਾਉਣ ਲਈ ਤੀਜੇ ਦਿਨ ਵੀ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਕੀ ਹੈ ਮਾਮਲਾ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਲਈ ਅਪੀਲ ਕੀਤੀ ਗਈ ਸੀ, ਪਰ ਕਿਸਾਨਾਂ ਨੇ ਆਪਣੀ ਮਜਬੂਰੀ ਦੱਸ ਕੇ ਝੋਨੇ ਦੀ ਪਰਾਲੀ ਨੂੰ ਸਾੜਿਆ। ਇਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਪਰਚੇ ਦਰਜ ਕੀਤੇ ਗਏ। ਉਨ੍ਹਾਂ ਦੀ ਗਿਰਦਾਵਰੀਆਂ 'ਤੇ ਲਾਲ ਲਕੀਰ ਫੇਰੀ ਗਈ ਤੇ ਭਾਰੀ ਜੁਰਮਾਨੇ ਵੀ ਕੀਤੇ ਗਏ। ਹੁਣ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੰਜਾਬ ਭਰ ਵਿੱਚ ਜਿਨ੍ਹਾਂ ਕਿਸਾਨਾਂ 'ਤੇ ਪਰਤੇ ਦਰਜ ਕੀਤੇ ਗਏ ਹਨ, ਉਨ੍ਹਾਂ ਨੂੰ ਰੱਦ ਕਰਵਾਉਣ ਲਈ ਤਿੰਨ ਦਿਨਾਂ ਤੋਂ ਦਿਨ ਰਾਤ ਦਾ ਧਰਨੇ ਦਿੱਤੇ ਜਾ ਰਹੇ ਹਨ।
ਪ੍ਰਸ਼ਾਸਨ ਨੇ ਨਹੀਂ ਲਈ ਸਾਰ
ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ।
ਕੀ ਹੈ ਕਿਸਾਨਾਂ ਦੀ ਮੰਗ?
ਕਿਸਾਨਾਂ ਦੀ ਮੰਗ ਹੈ ਕਿ ਪਰਾਲੀ ਸਾੜਨ ਕਰਕੇ ਜਿਨ੍ਹਾਂ ਕਿਸਾਨਾਂ 'ਤੇ ਪਰਤੇ ਦਰਜ ਹੋਏ ਹਨ, ਉਨ੍ਹਾਂ 'ਤੇ ਦਰਜ ਪਰਚੇ ਰੱਦ ਕੀਤੇ ਜਾਣ। ਜੇਕਰ ਸਰਕਾਰ ਉਨ੍ਹਾਂ ਦੀ ਮੰਗ ਨਹੀਂ ਮੰਨਦੀ ਹੈ, ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨਗੇ। ਕੀ ਸਰਕਾਰ ਕਿਸਾਨਾਂ ਦੀ ਚਿਤਾਵਨੀ ਤੋਂ ਡਰ ਕੇ ਮੰਗਾਂ ਦਾ ਹੱਲ ਕਰਦੀ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ?
ਕਿੰਨੇ ਕਿਸਾਨਾਂ 'ਤੇ ਹੋਏ ਸਨ ਪਰਚੇ ਦਰਜ
ਦੱਸ ਦੇਈਏ ਕਿ ਮਾਨਸਾ ਜ਼ਿਲ੍ਹੇ ਵਿੱਚ 3351 ਮਾਮਲੇ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਸਾਹਮਣੇ ਆਏ ਸਨ, ਜਦੋਂ ਕਿ 123 ਕਿਸਾਨਾਂ 'ਤੇ ਐੱਫਆਈਆਰ ਦਰਜ ਕੀਤੀ ਗਈ ਸੀ। ਇਸ ਦੇ ਨਾਲ ਹੀ 834 ਕਿਸਾਨਾਂ ਨੂੰ 21,52,000 ਰੁਪਏ ਦਾ ਜੁਰਮਾਨਾ ਲਾਇਆ ਗਿਆ ਤੇ 836 ਕਿਸਾਨਾਂ ਦੀਆਂ ਗਿਰਦਾਵਰੀਆਂ 'ਤੇ ਲਾਲ ਲਕੀਰ ਫੇਰੀ ਗਈ।