ਮਾਨਸਾ: ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕਿਸਾਨ ਜਥੇਬੰਦੀਆਂ ਨੇ ਰੇਲ ਲਾਇਨਾਂ ਤੋਂ ਧਰਨਾ ਹਟਾ ਕੇ 5 ਨਵੰਬਰ ਤੱਕ ਮਾਲ ਗੱਡੀਆਂ ਨੂੰ ਆਵਾਜਾਈ ਦੀ ਖੁੱਲ੍ਹ ਦਿੱਤੀ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਦਾ ਕਹਿਣਾ ਹੈ ਕਿ ਮੋਦੀ ਵੱਲੋਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲੈਣ ਦਾ ਬਿਆਨ ਬਹੁਤ ਹੀ ਮੰਦਭਾਗਾ ਹੈ। ਰੁਲਦੂ ਸਿੰਘ ਦਾ ਕਹਿਣਾ ਹੈ ਕਿ ਕੋਈ ਵੀ ਲੀਡਰ ਸਖ਼ਤ ਬਿਆਨ ਉਦੋਂ ਹੀ ਦਿੰਦਾ ਹੈ, ਜਦੋਂ ਉਹ ਡਰਿਆ ਹੋਵੇ। ਇਸ ਲਈ ਮੋਦੀ ਦਾ ਇਸ ਤਰ੍ਹਾਂ ਦੇ ਬਿਆਨ ਦੇਣਾ ਡਰ ਦਾ ਸਬੂਤ ਹਨ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਆਗੂ ਮਹਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਬਾਰੇ ਮੋਦੀ ਦੀ ਬਿਆਨਬਾਜ਼ੀ ਬਹੁਤ ਹੀ ਮੰਦਭਾਗੀ ਹੈ। ਅਸੀਂ ਮੋਦੀ ਦੇ ਇਸ ਬਿਆਨ ਦੀ ਨਿਖੇਧੀ ਕਰਦੇ ਹਾਂ। ਉਥੇ ਹੀ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਵਸਤਾਂ ਦੀ ਢੋਆ-ਢੁਆਈ ਨੂੰ ਦੇਖਦੇ ਹੋਏ ਰੇਲ ਰੋਕੋ ਅੰਦੋਲਨ ਤੋਂ ਪੈਰ ਪਿੱਛੇ ਚੁੱਕਿਆ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਕਿਸਾਨ ਡਰ ਗਏ ਹਨ, ਬਲਕਿ ਅਸੀਂ ਦੁਬਾਰਾ 5 ਨਵੰਬਰ ਤੋਂ ਰੇਲ ਰੋਕੋ ਅੰਦੋਲਨ ਉੱਤੇ ਬੈਠਾਂਗੇ।