ਮਾਨਸਾ: ਕਰਜ਼ੇ ਦੇ ਬੋਝ ਕਾਰਨ ਕਿਸਾਨ ਖੁਦਕੁਸ਼ੀਆ ਰੁਕਣ ਦਾ ਨਾਂ ਨਹੀ ਲੈ ਰਹੀਆਂ ਹਨ ਇੱਕ ਵਾਰ ਫਿਰ ਮਾਨਸਾ ਜਿਲ੍ਹੇ ਦੇ ਇੱਕ ਕਿਸਾਨ ਨੇ ਕਰਜੇ ਦਾ ਬੋਝ ਨਾ ਸਹਾਰਦੇ ਹੋਏ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹ ਮਾਮਲਾ ਮਾਨਸਾ ਦੇ ਪਿੰਡ ਭੈਣੀਬਾਘਾ ਦਾ ਹੈ।
ਦੱਸ ਦਈਏ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਦੇ 38 ਸਾਲਾਂ ਕਿਸਾਨ ਕੁਲਵਿੰਦਰ ਸਿੰਘ ਡੇਢ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਉਸ ਨੇ ਸੋਸਾਇਟੀ ਅਤੇ ਬੈਂਕ ਤੋਂ ਲਿਮਿਟ ਕਰਵਾ ਕੇ ਕਰਜ਼ਾ ਲਿਆ ਹੋਇਆ ਸੀ। ਇਸੇ ਕਰਜ਼ੇ ਨੂੰ ਉਹ ਚੁੱਕਾ ਨਹੀਂ ਪਾ ਰਿਹਾ ਸੀ ਜਿਸ ਕਾਰਨ ਉਹ ਕਾਫੀ ਪਰੇਸ਼ਾਨ ਸੀ। ਇਸੇ ਪਰੇਸ਼ਾਨੀ ਦੇ ਚੱਲਦੇ ਉਸ ਨੇ ਬੀਤੀ ਰਾਤ ਆਪਣੇ ਖੇਤ ਵਿੱਚ ਇੱਕ ਦਰੱਖਤ ਨਾਲ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ।
ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਜਿਲ੍ਹਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਰਜੇ ਦੇ ਕਾਰਨ ਕਿਸਾਨ ਖੁਦਕਸ਼ੀਆ ਕਰ ਰਹੇ ਹਨ ਪਰ ਸਰਕਾਰਾਂ ਇਸ ਪਾਸੇ ਧਿਆਨ ਨਹੀ ਦਿੰਦੀਆਂ ਜਿਸ ਕਾਰਨ ਫਿਰ ਕਿਸਾਨ ਨੇ ਕਰਜੇ ਤੋ ਪਿੱਛਾ ਛੁਡਵਾਉਣ ਲਈ ਖੁਦਕਸ਼ੀ ਦਾ ਰਾਸਤਾ ਚੁਣਿਆ ਹੈ। ਜਿਸ ਕਾਰਨ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਵੱਲੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ।
ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਆਪਣੇ ਪਿੱਛੇ ਆਪਣਾ 16 ਸਾਲਾਂ ਇਕਲੌਤਾ ਪੁੱਤਰ ਅਤੇ ਪਤਨੀ ਅਤੇ ਬੁਜਰਗ ਮਾਤਾ ਪਿਤਾ ਨੂੰ ਛੱਡ ਗਿਆ ਹੈ। ਉਨ੍ਹਾਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਸਰਕਾਰੀ ਨੌਕਰੀ,ਕਰਜਾ ਮੁਆਫ ਤੇ ਮੁਆਵਜੇ ਦੀ ਮੰਗ ਕੀਤੀ ਹੈ।
ਇਹ ਵੀ ਪੜੋ: ਮਾਨਸਾ ਦੌਰੇ ’ਤੇ CM ਮਾਨ, ਕਿਸਾਨਾਂ ਮਜ਼ਦੂਰਾਂ ਨੂੰ 58 ਕਰੋੜ ਤੋਂ ਵੱਧ ਮੁਆਵਜਾ ਰਾਸ਼ੀ ਕਰਨਗੇ ਜਾਰੀ