ਮਾਨਸਾ: ਇਹ ਮੇਰਾ ਪੰਜਾਬ ਪ੍ਰੋਗਰਾਮ ਦੀ ਇਸ ਲੜੀ ਤਹਿਤ ਅੱਜ ਅਸੀਂ ਪਹੁੰਚੇ ਹਾਂ ਮਾਨਸਾ ਤੋਂ ਤਕਰੀਬਨ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਕੋਟਧਰਮੂ ਵਿੱਚ, ਜੋ ਸਾਨੂੰ ਇਸ ਪਿੰਡ ਵਿੱਚ ਖਿੱਚ ਲੈ ਆਇਆ ਹੈ ਉਹ ਹੈ ਗੁਰਦੁਆਰਾ ਸੂਲੀਸਰ ਸਾਹਿਬ ਦਾ ਇਤਿਹਾਸ। ਆਓ ਦਰਸ਼ਨ ਕਰਦੇ ਹਾਂ ਇਸ ਇਤਿਹਾਸਕ ਗੁਰੂ ਘਰ ਦੇ ਅਤੇ ਇਸ ਦੇ ਇਤਿਹਾਸ ਤੇ ਇੱਕ ਨਜ਼ਰ ਪਾਈਏ।
ਇਤਿਹਾਸ
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਮਦਮਾ ਸਾਹਿਬ ਦੀਆਂ ਸੰਗਤਾਂ ਨੂੰ ਨਾਮ ਬਾਣੀ ਨਾਲ਼ ਜੋੜਨ, ਵਹਿਮ ਭਰਮਾਂ, ਫੋਕਟ ਰਸਮਾਂ ਰੀਤਾਂ ਤੋਂ ਮੁਕਤ ਕਰਨ, ਸਮਾਜ ਸੁਧਾਰਨ ਅਤੇ ਲੋਕ ਭਲਾਈ ਦੇ ਕੰਮਾਂ ਲਈ ਉਤਸ਼ਾਹਿਤ ਕਰਨ ਅਤੇ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਦੀ ਸਹਾਇਤਾ ਕਰਨ ਦੇ ਵਿਚਾਰ ਨਾਲ਼ ਸੰਮਤ 1732 ਬ੍ਰਿਕਮੀ ਅਗਸਤ 1965 ਈ. ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਚਾਲੇ ਪਾਏਅ ਸੀ। ਮਾਲਵੇ ਦੇਸ਼ ਨੂੰ ਤਾਰਦੇ ਹੋਏ ਸ੍ਰੀ ਗੁਰੂ ਤੇਗ਼ ਬਹਾਦਰ ਜੀ ਇੱਥੋਂ ਮੌੜ ਢਿੱਲਵਾਂ ਹੁੰਦੇ ਹੋਏ, ਭੰਦੇਰ ਜੋਗਾ, ਭੁਪਾਲ, ਖੀਵਾ,ਭੀਖੀ, ਖਿਆਲਾ, ਮੌੜ ਅਤੇ ਖਾਨੇਵਾਲ ਆਦਿ ਪਿੰਡਾਂ ਤੋਂ ਹੁੰਦੇ ਹੋਏ ਤਲਵੰਡੀ ਸਾਬੋ ਪੁੱਜੇ। ਇਸ ਅਸਥਾਨ ਨੂੰ ਗੁਰੂ ਦੀ ਕਾਂਸੀ ਦੇ ਵਰ ਬਖ਼ਸ ਕੇ ਤੇ ਇੱਥੇ ਗੁਰੂਸਰ ਸਰੋਵਰ ਦੀ ਖੁਦਾਈ ਦਾ ਕਾਰਜ ਆਰੰਭ ਕਰਵਾਇਆ।
ਤਲਵੰਡੀ ਸਾਬੋ ਤੋਂ ਗੁਰੂ ਜੀ ਇਸ ਅਸਥਾਨ ਤੇ ਪੁੱਜੇ। ਰੈਣ ਬਸੇਰੇ ਲਈ ਗੁਰੂ ਜੀ ਨੇ ਇੱਥੇ ਡੇਰਾ ਲਾਇਆ। ਰਾਤ ਦੇ ਵੇਲੇ ਚੋਰਾਂ ਨੇ ਗੁਰੂ ਜੀ ਦਾ ਘੋੜਾ ਚੋਰੀ ਕਰ ਲਿਆ। ਰਾਤ ਦੇ ਹਨੇਰੇ ਵਿੱਚ ਜਦੋਂ ਚੋਰ ਘੋੜਾ ਚੋਰੀ ਕਰ ਕੇ ਲੈ ਜਾਣ ਲੱਗੇ ਤਾਂ ਉਨ੍ਹਾਂ ਨੂੰ ਚੌਂਧੀ ਲੱਗ ਗਈ। ਉਨ੍ਹਾਂ ਨੂੰ ਦਿਸ਼ਾ ਦਾ ਭਰਮਣ ਹੋ ਗਿਆ। ਉਹ ਘੋੜੇ ਸਮੇਤ ਉੱਥੇ ਹੀ ਬੈਠ ਗਏ। ਸੇਵਾਦਾਰਾਂ ਨੇ ਦਿਨ ਚੜ੍ਹੇ ਉਸ ਚੋਰ ਨੂੰ ਫੜ੍ਹ ਲਿਆਂਦਾ। ਆਪਣੇ ਇਸ ਜੁਰਮ ਦੀ ਸਜ਼ਾ ਭੁਗਤਣ ਲਈ ਉਸ ਜੇ ਜੰਡ ਦੇ ਸੁੱਕੇ ਦਰੱਖ਼ਤ ਤੇ ਚੜ੍ਹ ਕੇ ਆਪਣੀ ਜੀਵਨ ਸਮਾਪਤ ਕਰ ਲਿਆ। ਇਸ ਕਰਕੇ ਇਸ ਅਸਥਾਨ ਦਾ ਸੂਲੀਸਰ ਪ੍ਰਸਿੱਧ ਹੋ ਗਿਆ।
ਇਸ ਅਸਥਾਨ ਤੇ ਗੁਰੂ ਤੇਗ਼ ਬਹਾਦਰ ਜੀ ਦੇ ਸ਼ਾਸਤਰ ਵੀ ਸਾਂਭ ਕੇ ਰੱਖੇ ਹੋਏ ਹਨ। ਇਸ ਅਸਥਾਨ ਤੇ ਸਥਾਨਕ ਲੋਕਾਂ ਦੀ ਬੜੀ ਸ਼ਰਧਾ ਜੁੜੀ ਹੋਈ ਹੈ। ਇਸ ਅਸਥਾਨ ਤੇ ਦਸਵੀਂ, ਮੱਸਿਆ ਅਤੇ ਸਿੱਖ ਧਰਮ ਦੀਆਂ ਮਹੱਤਵਪੂਰਨ ਤਿੱਥਾਂ ਨੂੰ ਬੜੀ ਹੀ ਸ਼ਰਧਾ ਨਾਲ਼ ਮਨਾਇਆ ਜਾਂਦਾ ਹੈ।