ਮਾਨਸਾ: ਖੇਤੀ ਸੈਕਟਰ ਨਾਲ ਜੁੜੀ ਮਾਨਸਾ ਦੀ ਛੋਟੀ ਰੀਪਰ ਇੰਡਸਟਰੀ ਅੱਜ ਮੰਦੀ ਦੀ ਮਾਰ ਝੱਲ ਰਹੀ ਹੈ। ਮਾਨਸਾ ਦੀ ਰੀਪਰ ਇੰਡਸਟਰੀ ਨੂੰ ਰੀਪਰ ਹੱਬ ਵਜੋਂ ਵੀ ਜਾਣਿਆ ਜਾਂਦਾ ਹੈ। ਇਥੋਂ ਰੀਪਰ ਤਿਆਰ ਹੋ ਕੇ ਭਾਰਤ ਦੇ ਕੋਨੇ-ਕੋਨੇ ਅਤੇ ਹੋਰਨਾਂ ਕਈ ਦੇਸ਼ਾਂ ਵਿੱਚ ਜਾਂਦੇ ਹਨ।
ਪਰ ਕੋਰੋਨਾ ਕਾਲ ਕਰ ਕੇ ਮਾਨਸਾ ਦੀ ਰੀਪਰ ਇੰਡਸਟਰੀ ਹੁਣ ਮੰਦੀ ਦੀ ਮਾਰ ਹੇਠ ਆ ਗਈ ਹੈ। ਇਸ ਨੂੰ ਲੈ ਕੇ ਈਟੀਵੀ ਭਾਰਤ ਵੱਲੋਂ ਰੀਪਰ ਇੰਡਸਟਰੀ ਦੇ ਮਾਲਕਾਂ ਨਾਲ ਖ਼ਾਸ ਗੱਲਬਾਤ ਕੀਤੀ ਗਈ।
ਮਾਨਸਾ ਦਾ ਰੀਪਰਾਂ ਦਾ ਹੱਬ
ਰੀਪਰ ਬਣਾਉਣ ਵਾਲੀ ਕੰਪਨੀ ਦੇ ਇੱਕ ਮਾਲਕ ਨੇ ਦੱਸਿਆ ਕਿ ਪੂਰੇ ਪੰਜਾਬ ਦੇ ਵਿੱਚ ਮਾਨਸਾ ਨੂੰ ਰੀਪਰਾਂ ਦੇ ਹੱਬ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਬਣਾਏ ਹੋਏ ਰੀਪਰ ਜ਼ਿਆਦਾਤਰ ਯੂਪੀ, ਬੰਗਾਲ, ਉੜੀਸਾ ਅਤੇ ਹੋਰ ਸੂਬਿਆਂ ਵਿੱਚ ਜਾਂਦੇ ਹਨ, ਕਿਉਂਕਿ ਉੱਥੇ ਕਿਸਾਨਾਂ ਕੋਲ ਜ਼ਮੀਨ ਜ਼ਿਆਦਾ ਵੱਡੀ ਨਹੀਂ ਹੈ। ਰੀਪਰਾਂ ਨੂੰ ਛੋਟੀਆਂ ਜ਼ਮੀਨਾਂ ਉੱਤੇ ਕਣਕ ਦੀ ਵਾਢੀ ਲਈ ਵਰਤਿਆਂ ਜਾਂਦਾ ਹੈ।
ਕੋਰੋਨਾ ਕਰ ਕੇ ਪਿਆ ਕਾਫ਼ੀ ਪ੍ਰਭਾਵ
ਮਾਲਕਾਂ ਦਾ ਕਹਿਣਾ ਹੈ ਕਿ ਕੋਰੋਨਾ ਕਰਕੇ ਕੀਤੇ ਗਏ ਲੌਕਡਾਊਨ ਕਾਰਨ ਉਨ੍ਹਾਂ ਦੇ ਕਾਰੋਬਾਰ ਉੱਤੇ ਕਾਫ਼ੀ ਅਸਰ ਪਿਆ ਹੈ। ਉਨ੍ਹਾਂ ਵੱਲੋਂ ਤਿਆਰ ਮਾਲ ਨਾ ਤਾਂ ਬਾਹਰ ਜਾ ਸਕਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੱਚਾ ਮਾਲ ਮਿਲ ਸਕਿਆ ਹੈ। ਜਿਸ ਕਰਾਨ ਉਨ੍ਹਾਂ ਦਾ ਕੰਮ ਕਾਫ਼ੀ ਹੌਲੀ ਅਤੇ ਘਾਟੇ ਵਿੱਚ ਚੱਲ ਰਿਹਾ ਹੈ।
ਲੇਬਰ ਅਤੇ ਕਾਰੀਗਰਾਂ ਨੂੰ ਪਿਆ ਕਾਫ਼ੀ ਅਸਰ
ਕੋਰੋਨਾ ਦਰਮਿਆਨ ਕਾਰੋਬਾਰ ਬੰਦ ਰਹਿਣ ਕਰ ਕੇ ਉਨ੍ਹਾਂ ਦੀ ਕੰਪਨੀ ਵਿੱਚ ਕੰਮ ਕਰਨ ਵਾਲੇ ਅਤੇ ਹੋਰਨਾਂ ਕਾਰੀਗਰਾਂ ਉੱਤੇ ਜ਼ਿਆਦਾ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਵੱਡੇ ਬੰਦੇ ਦਾ ਤਾਂ ਸਰ ਜਾਂਦਾ ਹੈ, ਪਰ ਦਿਹਾੜੀ ਅਤੇ ਘੱਟ ਤਨਖ਼ਾਹ ਉੱਤੇ ਕੰਮ ਕਰਨ ਵਾਲਿਆਂ ਲਈ ਗੁਜ਼ਾਰਾ ਕਰਨਾ ਕਾਫ਼ੀ ਮੁਸ਼ਕਿਲ ਹੋ ਗਿਆ ਸੀ।
ਸਰਕਾਰ ਵੀ ਨਹੀਂ ਦੇ ਰਹੀ ਕੋਈ ਧਿਆਨ
ਮਾਲਕਾਂ ਦਾ ਕਹਿਣਾ ਹੈ ਕਿ ਮਾਨਸਾ ਦੀ ਰੀਪਰ ਇੰਡਸਟਰੀ ਕੋਈ ਜ਼ਿਆਦਾ ਵੱਡੀ ਵੀ ਨਹੀਂ ਹੈ, ਪਰ ਸਰਕਾਰ ਵੱਲੋਂ ਉਨ੍ਹਾਂ ਦੀ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਕੋਈ ਖ਼ਾਸ ਕਾਰਗੁਜ਼ਾਰੀ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਵਿੱਚ ਫ਼ੋਕਲ ਪੁਆਇੰਟ ਦੀ ਸਥਾਪਨਾ ਕੀਤੀ ਗਈ ਸੀ, ਪਰ ਬਾਅਦ ਵਿੱਚ ਸਰਕਾਰ ਨੇ ਉਸ ਨੂੰ ਪੁੱਡਾ ਦੇ ਹਵਾਲੇ ਕਰ ਦਿੱਤਾ, ਜਿਥੇ ਪੁੱਡਾ ਨੇ ਕਾਲੋਨੀ ਕੱਟ ਦਿੱਤੀ। ਜਿਸ ਦਾ ਨਾ ਤਾਂ ਪੁੱਡਾ ਨੂੰ ਕੋਈ ਫ਼ਾਇਦਾ ਹੋਇਆ ਅਤੇ ਨਾ ਹੀ ਰੀਪਰ ਇੰਡਸਟਰੀ ਵਾਲਿਆਂ ਨੂੰ। ਮਾਨਸਾ ਜ਼ਿਲ੍ਹਾ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਲੋਕ ਸਭਾ ਹਲਕੇ ਵਿੱਚ ਆਉਂਦਾ ਹੈ ਜਿਸ ਦੇ ਚਲਦਿਆਂ ਮਾਨਸਾ ਨੂੰ ਕੋਈ ਵੀ ਵੱਡੀ ਸਹੂਲਤ ਨਹੀਂ ਮਿਲੀ।