ਮਾਨਸਾ: ਵਿਸ਼ਵ ਭਰ 'ਚ ਫੈਲੀ ਕੋਰੋਨਾ ਮਾਹਾਂਮਾਰੀ ਦੌਰਾਨ ਜਿੱਥੇ ਕਈ ਡਾਕਟਰਾਂ ਵੱਲੋਂ ਲੋਕਾਂ ਦਾ ਚੈਕਅੱਪ ਕਰਨਾ ਵੀ ਬੰਦ ਕਰ ਦਿੱਤਾ ਗਿਆ ਸੀ। ਉਥੇ ਹੀ ਸਿਵਲ ਹਸਪਤਾਲ ਦੇ ਡਾਕਟਰ ਰਣਜੀਤ ਰਾਏ ਕੋਰੋਨਾ ਵਾਰੀਅਰ ਵਜੋਂ ਜਾਣੇ ਜਾਂਦੇ ਹਨ। ਈਟੀਵੀ ਭਾਰਤ ਵੱਲੋਂ ਉਨ੍ਹਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।
ਡਾਕਟਰ ਰਣਜੀਤ ਨੇ ਦੱਸਿਆ ਕਿ ਕੋਰੋਨਾ ਦੀ ਸ਼ੁਰੂਆਤ ਹੁੰਦਿਆਂ ਹੀ ਸੈਂਪਲਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਤੱਕ ਵੀ ਸਕੂਲਾਂ ਵਿੱਚ ਸੈਂਪਲਿੰਗ ਜਾਰੀ ਹੈ। ਡਾਕਟਰ ਨੇ ਦੱਸਿਆ ਕਿ ਮੈਂ ਹਾਲੇ ਤੱਕ ਕੋਈ ਵੀ ਛੁੱਟੀ ਨਹੀਂ ਅਤੇ ਨਾ ਹੀ ਆਪਣੇ ਆਪ ਨੂੰ ਇਕਾਂਤਵਾਸ ਕੀਤਾ ਹੈ, ਲਗਾਤਾਰ ਮੈਂ ਲੋਕਾਂ ਦੇ ਲਈ ਕੰਮ ਕਰ ਰਿਹਾ ਹਾਂ।
ਮਾਨਸਾ ਵਿੱਚ 80 ਹਜ਼ਾਰ ਦੇ ਕਰੀਬ ਸੈਂਪਲਿੰਗ
ਇਸ ਸਬੰਧੀ ਡਾਕਟਰ ਰਣਜੀਤ ਰਾਏ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਸ਼ੁਰੂ ਹੁੰਦਿਆਂ ਹੀ ਉਨ੍ਹਾਂ ਵੱਲੋਂ ਜ਼ਿਲ੍ਹੇ ਭਰ ਵਿੱਚ ਸੈਂਪਲਿੰਗ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਇਸ ਵਿੱਚ ਹੁਣ ਤੱਕ ਮਾਨਸਾ ਜ਼ਿਲ੍ਹੇ ਵਿੱਚ 80 ਹਜ਼ਾਰ ਦੇ ਕਰੀਬ ਸੈਂਪਲ ਹੋ ਚੁੱਕੇ ਹਨ ਅਤੇ 22 ਹਜ਼ਾਰ ਉਨ੍ਹਾਂ ਦੀ ਟੀਮ ਵੱਲੋਂ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਦੌਰਾਨ ਕੋਈ ਵੀ ਛੁੱਟੀ ਨਹੀਂ ਲਈ ਗਈ।
1 ਮਹੀਨੇ ਬਾਅਦ ਕਰਵਾਉਂਦੇ ਨੇ ਖ਼ੁਦ ਦਾ ਟੈਸਟ
ਡਾਕਟਰ ਰਣਜੀਤ ਨੇ ਇਹ ਵੀ ਦੱਸਿਆ ਕਿ ਉਹ 1 ਮਹੀਨੇ ਬਾਅਦ ਹੀ ਕੋਰੋਨਾ ਟੈਸਟ ਕਰਵਾਉਂਦੇ ਰਹੇ ਹਨ ਅਤੇ ਹਰ ਵਾਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਹੀ ਆਉਂਦੀ ਰਹੀ ਹੈ। ਡਾਕਟਰ ਰਣਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕੋਰੋਨਾ ਦੇ ਦੌਰਾਨ ਚੰਗੀਆਂ ਸੇਵਾਵਾਂ ਬਦਲੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਡਿਸਕ ਆਫ ਆਨਰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਮਾਨਸਾ ਦੇ ਐਸਐਸਪੀ ਨਰਿੰਦਰ ਭਾਰਗਵ ਅਤੇ ਸਿਹਤ ਵਿਭਾਗ ਦਾ ਵੀ ਧੰਨਵਾਦ ਕਰਦੇ ਕਿਹਾ ਕਿ ਉਨ੍ਹਾਂ ਨੇ ਇਹ ਸੇਵਾਵਾਂ ਨੂੰ ਦੇਖਦੇ ਹੋਏ ਇਸ ਅਵਾਰਡ ਦੇ ਲਈ ਚੋਣ ਕੀਤੀ।