ਮਾਨਸਾ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਕੈਬਨਿਟ ਮੰਤਰੀ ਡਾ ਵਿਜੇ ਸਿੰਗਲਾ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੈਬਨਿਟ ਚੋਂ ਬਰਖਾਸਤ ਕਰਨ ਅਤੇ ਮਾਮਲਾ ਦਰਜ ਕਰਕੇ ਜੇਲ੍ਹ ਭੇਜੇ ਜਾਣ ਤੋਂ ਬਾਅਦ ਇੱਕ ਵਾਰ ਮਾਨਸਾ ਜ਼ਿਲ੍ਹੇ ਦੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਰੂਪੋਸ਼ ਹੋ ਗਏ ਸਨ। ਇਸ ਮਾਮਲੇ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਪ੍ਰਤੀਕਰਮ ਸਾਹਮਣੇ ਆਉਣ ਲੱਗਾ ਹੈ।
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਭੁੱਚਰ ਅਤੇ ਵਰਕਰ ਮਿੰਟੂ ਅਤੇ ਗੁਰਮੀਤ ਵੱਲੋਂ ਕਿਹਾ ਗਿਆ ਹੈ ਕਿ ਡਾ. ਵਿਜੈ ਸਿੰਗਲਾ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਣ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੇ ਵਿੱਚ ਮਾਯੂਸੀ ਪਾਈ ਜਾ ਰਹੀ ਹੈ ਜਿਸ ਕਾਰਨ ਹਰ ਇੱਕ ਦੇ ਦਿਲ ਨੂੰ ਦੁੱਖ ਲੱਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਵੀਡੀਓ ਰਾਹੀਂ ਡਾ. ਵਿਜੇ ਸਿੰਗਲਾ ਤੇ ਦੋਸ਼ ਲਗਾਏ ਗਏ ਹਨ ਪਰ ਅਸੀਂ ਮੁੱਖਮੰਤਰੀ ਭਗਵੰਤ ਮਾਨ ਅਤੇ ਡਾ. ਵਿਜੇ ਸਿੰਗਲਾ ਦੇ ਨਾਲ ਹਾਂ ਜਦੋਂ ਤੱਕ ਨਿਆਂਪਾਲਿਕਾ ਇਸ ’ਤੇ ਕੋਈ ਫੈਸਲਾ ਨਹੀਂ ਦਿੰਦੀ। ਉਸ ਸਮੇਂ ਤੱਕ ਡਾ. ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰੀ ਵੀ ਕਹਿਣਾ ਗਲਤ ਹੈ।
ਉਨ੍ਹਾਂ ਅੱਗੇ ਕਿਹਾ ਕਿ ਮਾਨਸਾ ਜ਼ਿਲ੍ਹੇ ਦਾ ਵਿਕਾਸ ਨਹੀਂ ਰੁਕੇਗਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਪੂਰੇ ਪੰਜਾਬ ਦੀ ਕਮਾਨ ਉਨ੍ਹਾਂ ਕੋਲ ਹੈ ਅਤੇ ਮਾਨਸਾ ਜ਼ਿਲ੍ਹੇ ਦਾ ਵੀ ਵਿਕਾਸ ਕਰਨ ਦੇ ਲਈ ਸਾਡੇ ਕੋਲ ਦੋ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਗੁਰਪ੍ਰੀਤ ਬਣਾਂਵਾਲੀ ਹੈ ਜੋ ਮਾਨਸਾ ਜ਼ਿਲ੍ਹੇ ਦੇ ਵਿਕਾਸ ਨੂੰ ਰੁਕਣ ਨਹੀਂ ਦੇਣਗੇ ਅਤੇ ਮਾਨ ਸਰਕਾਰ ਵੀ ਅਜਿਹਾ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਬਹੁਤ ਸਾਰੀਆਂ ਉਮੀਦਾਂ ਸਨ ਪਰ ਅਜਿਹਾ ਹੋਣ ਦੀ ਕਾਰਨ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਕਿਉਂਕਿ ਪਹਿਲੀ ਵਾਰ ਮਾਨਸਾ ਜ਼ਿਲ੍ਹੇ ਨੂੰ ਕੈਬਨਿਟ ਮੰਤਰੀ ਨਸੀਬ ਹੋਇਆ ਸੀ।
ਇਹ ਵੀ ਪੜੋ: ਮਾਨ ਸਰਕਾਰ ਲੋਕਾਂ ਨੂੰ ਦੇਣ ਜਾ ਰਹੀ ਇਹ ਵੱਡੀ ਸਹੂਲਤ, CM ਨੇ ਦਿੱਤੀ ਜਾਣਕਾਰੀ