ਮਾਨਸਾ: ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ 12 ਅਕਤੂਬਰ 1920 'ਚ ਦਲਿਤ ਸਿੱਖਾਂ ਦੇ ਮੁੜ ਪ੍ਰਵੇਸ਼ ਦੀ 100ਵੀਂ ਇਤਿਹਾਸਕ ਵਰ੍ਹੇਗੰਢ ਨੂੰ ਸਮਰਪਿਤ ਸ਼ੁੱਕਰਵਾਰ ਨੂੰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਦਲਿਤ ਭਾਈਚਾਰੇ ਨੇ ਗੁਰਦੁਆਰਾ ਸਾਹਿਬ ਯਾਦਗਾਰ ਪਾਤਸ਼ਾਹੀ ਨੌਂਵੀ ਮੇਨ ਬਜ਼ਾਰ ਮਾਨਸਾ ਵਿਖੇ ਅਰਦਾਸ ਕਰਕੇ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਧਰਨਾਕਾਰੀ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਮੂਲੀਅਤ ਕਰਦਿਆਂ ਕੜਾਹ ਪ੍ਰਸ਼ਾਦ ਦੀ ਦੇਗ਼ ਤਿਆਰ ਕਰਕੇ ਵਰਤਾਈ ਗਈ।
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਕਿਹਾ ਸਿੱਖ ਇਤਿਹਾਸ ਅੰਦਰ ਖੂਨ ਡੋਲ ਕੁਰਬਾਨੀਆਂ ਕਰਨ ਵਾਲੇ ਦਲਿਤ ਸਿੱਖਾਂ ਨਾਲ ਸੌਂ ਸਾਲ ਪਹਿਲਾ ਜਿਥੇ ਦਲਿਤਾਂ ਨਾਲ ਦਰਬਾਰ ਸਾਹਿਬ ਵਿੱਚ ਜਾਤੀ ਵਿਤਕਰਾ ਕੀਤਾ ਜਾਂਦਾ ਸੀ। ਇਨ੍ਹਾਂ ਕੁਰੀਤੀਆਂ ਦੇ ਖਿਲਾਫ਼ ਉਠੇ ਅੰਦੋਲਨ ਰਾਹੀਂ ਦਲਿਤ ਸਿੱਖਾਂ ਨੂੰ ਦਾ ਮੁੜ ਪ੍ਰਵੇਸ਼ ਹੀ ਨਹੀਂ ਸਗੋਂ ਦਰਬਾਰ ਸਾਹਿਬ ਉੱਪਰ ਕੀਤੇ ਮੰਨੂਵਾਦੀ ਪੁਜਾਰੀਆਂ ਦੇ ਕਬਜ਼ੇ ਨੂੰ ਵੀ ਖ਼ਤਮ ਕਰਵਾਇਆ ਗਿਆ ਸੀ। ਇਸ ਲਈ ਅੱਜ ਦਲਿਤ ਸਮਾਜ ਨੇ ਇਸ ਸੌਂ ਸਾਲ ਪਹਿਲਾਂ ਇਤਿਹਾਸਿਕ ਅੰਦੋਲਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਇਸ ਮੌਕੇ ਗੁਰਪਿਆਰ ਸਿੰਘ ਜ਼ਿਲ੍ਹਾ ਪ੍ਰਧਾਨ ਡੀਟੀਐਫ਼ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੌਕਡਾਊਨ ਦੌਰਾਨ ਕਿਸਾਨ ਅਤੇ ਦੇਸ਼ ਵਿਰੋਧੀ ਪਾਸ ਕੀਤੇ ਕਾਨੂੰਨਾਂ ਖਿਲਾਫ਼ ਲੜਿਆ ਜਾ ਰਿਹਾ ਕਿਸਾਨੀ ਸੰਘਰਸ਼ ਵੀ ਮੌਜੂਦਾ ਦੌਰ ਵਿੱਚ ਨਵੇਂ ਇਤਿਹਾਸ ਸਿਰਜ ਰਿਹਾ ਹੈ।
ਉਨ੍ਹਾਂ ਕਿਹਾ ਕਿ ਮਜਦੂਰ ਮੁਕਤੀ ਮੋਰਚਾ ਵੱਲੋਂ ਅੱਜ ਜੋ ਵਰ੍ਹੇਗੰਢ ਮਨਾਉਂਦੇ ਹੋਏ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਦੇਗ਼ ਵਰਤਾਈ ਗਈ ਹੈ, ਇਹ ਇੱਕ ਬਹੁਤ ਹੀ ਵਧੀਆ ਉਦਾਹਰਨ ਹੈ ਕਿ ਕਿਸਾਨ ਮਜ਼ਦੂਰ ਏਕਤਾ ਦੇ ਨਾਰੇ ਨੂੰ ਸਮਾਜਿਕ ਰੂਪ ਵਿੱਚ ਏਕਤਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਫਿਰਕੂ ਅਤੇ ਫੁੱਟ ਪਾਊ ਨੀਤੀਆਂ ਤੋਂ ਸੁਚੇਤ ਹੋਣ ਦੀ ਅਪੀਲ ਵੀ ਕੀਤੀ।