ਮਾਨਸਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਦੌਰਾਨ ਮਾਤਾ ਤੇਜ ਕੌਰ ਦੀ ਮੌਤ ਦੇ ਮਾਮਲੇ ਵਿੱਚ 23 ਦਿਨਾਂ ਬਾਅਦ ਕਿਸਾਨ ਜਥੇਬੰਦੀਆਂ ਅਤੇ ਪਰਿਵਾਰ ਵੱਲੋਂ ਮਾਨਸਾ ਦੇ ਡੀਸੀ ਦਫ਼ਤਰ ਮੂਹਰੇ ਧਰਨੇ ਨੂੰ ਸਫ਼ਲਤਾ ਮਿਲੀ ਹੈ। ਐਤਵਾਰ ਨੂੰ ਤਹਿਸੀਲਦਾਰ ਨੇ ਮੰਗਾਂ ਮਨਜ਼ੂਰ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ ਨਕਦ ਦਿੱਤੇ ਅਤੇ ਕਰਜ਼ਾ ਮੁਆਫ਼ੀ ਲਈ ਸਰਕਾਰ ਨੂੰ ਲਿਖੇ ਪੱਤਰ ਦੀ ਕਾਪੀ ਵੀ ਦਿੱਤੀ।
ਜ਼ਿਕਰਯੋਗ ਹੈ ਕਿ ਕਿਸਾਨੀ ਸੰਘਰਸ਼ ਦੌਰਾਨ ਬੁਢਲਾਡਾ ਵਿਖੇ ਮਾਤਾ ਤੇਜ਼ ਕੌਰ ਦੀ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਵਾਉਣ ਦੇ ਲਈ ਕਿਸਾਨ ਜਥੇਬੰਦੀਆਂ ਨੇ 13 ਅਕਤੂਬਰ ਤੋਂ ਲਗਾਤਾਰ ਡੀਸੀ ਦਫ਼ਤਰ ਅਤੇ ਰਿਹਾਇਸ਼ ਅੱਗੇ ਧਰਨਾ ਲਾਇਆ ਹੋਇਆ ਸੀ। ਪੀੜਤ ਪਰਿਵਾਰ ਲਈ 10 ਲੱਖ ਰੁਪਏ, ਇੱਕ ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਜਾ ਰਹੀ ਸੀ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਨੇ ਕਿਹਾ ਕਿ ਅੱਜ ਸਾਡੇ ਸੰਘਰਸ਼ ਦੀ ਜਿੱਤ ਹੋਈ ਹੈ ਅਤੇ ਹੁਣ ਸਰਕਾਰ ਦੇ ਭਰੋਸੇ ਉਪਰੰਤ ਧਰਨਾ ਖ਼ਤਮ ਕੀਤਾ ਜਾ ਰਿਹਾ ਹੈ।
ਉੱਧਰ, ਮ੍ਰਿਤਕ ਮਾਤਾ ਤੇਜ ਕੌਰ ਦੇ ਲੜਕੇ ਨੇ ਕਿਹਾ ਕਿ ਉਹ ਇਹ ਮੁਆਵਜ਼ਾ ਮਾਤਾ ਦੀ ਯਾਦਗਾਰ, ਗਰੀਬ ਲੜਕੀਆਂ ਦੇ ਵਿਆਹ ਅਤੇ ਕਿਸੇ ਗ਼ਰੀਬ ਦੇ ਇਲਾਜ ਉੱਤੇ ਖ਼ਰਚ ਕਰਨਗੇ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਦੇ ਸੰਘਰਸ਼ ਦੌਰਾਨ ਸਾਨੂੰ ਜੋ ਇਨਸਾਫ਼ ਮਿਲਿਆ ਹੈ, ਉਹ ਉਸ ਲਈ ਧੰਨਵਾਦ ਕਰਦੇ ਹਨ।
ਬਲਵਿੰਦਰ ਸਿੰਘ ਤਹਿਸੀਲਦਾਰ ਨੇ ਕਿਹਾ ਕਿ ਡੀਸੀ ਮਾਨਸਾ ਦੇ ਹੁਕਮਾਂ ਉੱਤੇ ਮੰਗਾਂ ਮਨਜ਼ੂਰ ਕਰਦੇ ਹੋਏ ਵਿੱਤੀ ਸਹਾਇਤਾ ਦੇ 10 ਲੱਖ ਰੁਪਏ ਵਿੱਚੋਂ ਐਤਵਾਰ 3 ਲੱਖ ਦਾ ਚੈਕ ਅਤੇ 2 ਲੱਖ ਰੁਪਏ ਨਕਦ ਦਿੱਤੇ ਗਏ। ਬਾਕੀ 5 ਲੱਖ ਰੁਪਏ ਭੋਗ ਮੌਕੇ ਪਰਿਵਾਰ ਨੂੰ ਦਿੱਤੇ ਜਾਣਗੇ। ਜਦਕਿ ਇੱਕ ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫ਼ੀ ਲਈ ਸਰਕਾਰ ਨੂੰ ਪੱਤਰ ਲਿਖ ਕੇ ਭੇਜਿਆ ਗਿਆ ਹੈ। ਜਦੋਂ ਪ੍ਰਪੋਜਲ ਆ ਜਾਵੇਗੀ ਉਦੋਂ ਇਹ ਦਿੱਤੀ ਜਾਵੇਗੀ।