ਮਾਨਸਾ: ਮੋਰਿੰਡਾ ਬੇਅਦਬੀ ਕਾਂਡ ਦੇ ਮੁਲਜ਼ਮ ਦੀ ਮੌਤ ਹੋ ਗਈ ਹੈ। ਉਹ ਮਾਨਸਾ ਦੀ ਤਾਮਕੋਟ ਜੇਲ੍ਹ ਵਿੱਚ ਬੰਦ ਸੀ। ਜੇਲ੍ਹ ਵਿਭਾਗ ਨੇ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ। ਇਸ ਮਾਮਲੇ ਵਿੱਚ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੱਸੀ ਦੀ ਛਾਤੀ ਵਿੱਚ ਦਰਦ ਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ।
ਮੋਰਿੰਡਾ ਬੇਅਦਬੀ ਕਾਂਡ ਦੇ ਮੁਲਜ਼ਮ ਜਸਵੀਰ ਸਿੰਘ ਉਰਫ ਜੱਸੀ ਦੀ ਮੌਤ ਹੋ ਗਈ ਹੈ। ਉਹ ਮਾਨਸਾ ਦੀ ਤਾਮਕੋਟ ਜੇਲ੍ਹ ਵਿੱਚ ਬੰਦ ਸੀ। ਉਸ ਨੂੰ 29 ਅਪ੍ਰੈਲ ਨੂੰ ਰੂਪਨਗਰ ਤੋਂ ਮਾਨਸਾ ਤਬਦੀਲ ਕਰ ਦਿੱਤਾ ਗਿਆ ਸੀ। ਉਸ ਦੀ ਲਾਸ਼ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਚ ਰਖਵਾਇਆ ਗਿਆ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਜੇਲ੍ਹ ਵਿਭਾਗ ਨੇ ਜੱਸੀ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ ਪਰ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੱਸੀ ਦੀ ਛਾਤੀ ਵਿੱਚ ਦਰਦ ਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਇਸ ਕਾਰਨ ਉਸ ਦੀ ਮੌਤ ਹੋ ਗਈ ਹੈ।
ਕੀਤੀ ਸੀ ਬੇਅਦਬੀ: ਜ਼ਿਕਰਯੋਗ ਹੈ ਕਿ ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ 24 ਅਪ੍ਰੈਲ ਨੂੰ ਬੇਹੱਦ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਸੀ। ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਸੀ ਅਤੇ ਸੰਗਤ ਗੁਰੂਘਰ 'ਚ ਨਤਮਸਤਕ ਹੋ ਰਹੀ ਸੀ। ਇਸ ਦੌਰਾਨ ਇਕ ਵਿਅਕਤੀ ਨੇ ਗੁਰੂਘਰ ਅੰਦਰ ਦਾਖ਼ਲ ਹੋ ਕੇ ਪਾਠੀ ਸਿੰਘ ਵੱਲ ਇਸ਼ਾਰਾ ਕੀਤਾ ਅਤੇ ਅੱਗੇ ਆ ਕੇ ਪਾਠੀ ਸਿੰਘ 'ਤੇ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਸੀ। ਫੁਟੇਜ 'ਚ ਦਿਖਾਈ ਦੇ ਰਿਹਾ ਹੈ ਕਿ ਅੱਗਿਓਂ ਪਾਠੀ ਸਿੰਘ ਵੀ ਤਲਵਾਰ ਕੱਢ ਲੈਂਦਾ ਹੈ।
ਵਕੀਲ ਨੇ ਤਾਣੀ ਸੀ ਪਿਸਤੌਲ: : ਇਸ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਮੈਨੇਜਰ ਅਤੇ ਸੇਵਾਦਾਰ ਖਿਲਾਫ ਸੰਗਤਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੇ ਇਲਜ਼ਾਮ 'ਚ ਵੱਖਰੀ ਐਫਆਈਆਰ ਵੀ ਦਰਜ ਕੀਤੀ ਸੀ। ਇਸ ਦੇ ਨਾਲ ਹੀ ਅਦਾਲਤ ਦੇ ਅੰਦਰ ਮੁਲਜ਼ਮ ਜਸਬੀਰ ਸਿੰਘ 'ਤੇ ਪਿਸਤੌਲ ਤਾਣਨ ਵਾਲੇ ਵਕੀਲ ਸਾਹਿਬ ਸਿੰਘ ਖੁਰਾਲ ਨੂੰ ਵੀ ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ ਐਫਆਈਆਰ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਐਫਆਈਆਰ ਵਿੱਚ ਮੋਰਿੰਡਾ ਤੋਂ ਇੱਕ ਅਕਾਲੀ ਕੌਂਸਲਰ ਅੰਮ੍ਰਿਤਪਾਲ ਸਿੰਘ ਖਟੜਾ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ।
ਵਕੀਲਾਂ ਵੱਲੋਂ ਕੇਸ ਨਾਂ ਲੜਨ ਦਾ ਐਲਾਨ : ਜਾਣਕਾਰੀ ਮੁਤਾਬਕ ਜਦੋਂ ਵਕੀਲ ਨੇ ਮੁਲਜ਼ਮ ਉਤੇ ਪਿਸਤੌਲ ਤਾਣੀ ਤਾਂ ਉਸ ਸਮੇਂ ਸੀਆਈਏ ਸਟਾਫ਼ ਅਤੇ ਪੁਲਿਸ ਅਧਿਕਾਰੀਆਂ ਵਿੱਚ ਹੜਕੰਪ ਮੱਚ ਗਿਆ ਸੀ। ਦੋਵਾਂ ਸੈੱਲਾਂ ਦੀਆਂ ਟੀਮਾਂ ਨੇ ਤੁਰੰਤ ਵਕੀਲ ਨੂੰ ਦਬੋਚ ਲਿਆ ਅਤੇ ਉਸ ਦਾ ਰਿਵਾਲਵਰ ਜ਼ਬਤ ਕਰ ਲਿਆ। ਰੂਪਨਗਰ ਜ਼ਿਲ੍ਹੇ ਦੇ ਵਕੀਲ ਭਾਈਚਾਰੇ ਨੇ ਮੁਲਜ਼ਮ ਜਸਵੀਰ ਸਿੰਘ ਦਾ ਕੇਸ ਨਾ ਲੜਨ ਦਾ ਐਲਾਨ ਕੀਤਾ ਸੀ। ਜਸਵੀਰ ‘ਤੇ ਜੁੱਤੀ ਪਾ ਕੇ ਗੁਰਦੁਆਰੇ ‘ਚ ਦਾਖਲ ਹੋਣ, ਦਰਬਾਰ ਸਾਹਿਬ ‘ਚ ਪਾਠ ਕਰ ਰਹੇ ਗ੍ਰੰਥੀਆਂ ਨੂੰ ਕੁੱਟਣ ਦਾ ਇਲਜ਼ਾਮ ਹੈ। ਸਿੱਖ ਸੰਗਤ ਇਸ ਕਾਰੇ ਨੂੰ ਲੈ ਕੇ ਕਾਫੀ ਨਾਰਾਜ਼ ਹੈ।
ਇਹ ਵੀ ਪੜ੍ਹੋ:- Morinda Sacrilege case: ਮੋਰਿੰਡਾ ਬੇਅਦਬੀ ਮਾਮਲੇ ਵਿੱਚ ਧਰਨਾ ਪ੍ਰਦਰਸ਼ਨ, ਆਪ ਵਿਧਾਇਕ ਨੇ ਨਿਹੰਗ ਸਿੰਘਾਂ ਨਾਲ ਕੀਤੀ ਮੁਲਾਕਾਤ