ਮਾਨਸਾ: ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਲੱਗੇ ਕਰਫਿਊ ਕਾਰਨ ਕਈ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰਫਿਊ ਦੀ ਮਾਰ ਸਭ ਤੋਂ ਵੱਧ ਕਿਸਾਨਾਂ ਨੂੰ ਪੈ ਰਹੀ ਹੈ, ਜਿਨ੍ਹਾਂ ਦੀ ਸਬਜ਼ੀ ਸਮੇਂ 'ਤੇ ਮੰਡੀ 'ਚ ਨਾ ਪਹੁੰਚਣ ਕਾਰਨ ਉਹ ਖ਼ਰਾਬ ਹੋ ਰਹੀ ਹੈ। ਹਾਲਾਤ ਅਜਿਹੇ ਹਨ ਕਿ ਉਹ ਖ਼ਰਾਬ ਸਬਜ਼ੀ ਨੂੰ ਪਸ਼ੂਆਂ ਨੂੰ ਪਾਉਣ ਲਈ ਮਜਬੂਰ ਹਨ।
ਕਿਸਾਨਾਂ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਸਬਜ਼ੀਆਂ ਮੰਡੀਆਂ ਤੱਕ ਪਹੁੰਚਾਈਆਂ ਜਾਣ ਤਾਂ ਜੋ ਸ਼ਹਿਰਾਂ 'ਚ ਚੱਲ ਰਹੀ ਕਾਲਾਬਜ਼ਾਰੀ 'ਤੇ ਠਲ੍ਹ ਪਾਈ ਜਾ ਸਕੇ। ਮਾਨਸਾ ਦੇ ਪਿੰਡ ਬੁਰਜ ਢਿੱਲਵਾਂ ਦੇ ਕਿਸਾਨ ਹਰਪ੍ਰੀਤ ਸਿੰਘ ਕਾਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਵਾ ਤਿੰਨ ਏਕੜ ਵਿੱਚ ਸਬਜ਼ੀਆਂ ਦੀ ਕਾਸ਼ਤ ਕੀਤੀ ਗਈ ਹੈ। ਹੁਣ ਉਨ੍ਹਾਂ ਦੀਆਂ ਸਬਜ਼ੀਆਂ ਕਰਫਿਊ ਕਾਰਨ ਮੰਡੀ ਵਿੱਚ ਨਾ ਪਹੁੰਚਣ ਕਾਰਨ ਖੇਤਾਂ ਵਿੱਚ ਖ਼ਰਾਬ ਹੋ ਰਹੀ ਹੈ। ਇਸ ਕਾਰਨ ਉਨ੍ਹਾਂ ਨੂੰ ਵੱਡੀ ਪ੍ਰੇਸ਼ਾਨੀ ਹੋ ਰਹੀ ਹੈ।
ਕਿਸਾਨ ਨੈਬ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਬਜ਼ੀਆਂ ਦੀ ਕਾਸ਼ਤ ਕੀਤੀ ਗਈ ਹੈ ਪਰ ਦੇਸ਼ ਵਿੱਚ ਫੈਲੀ ਨਾਮੁਰਾਦ ਬਿਮਾਰੀ ਕੋਰੋਨਾ ਵਾਰਿਸ ਦੇ ਕਾਰਨ ਦਿੱਕਤਾਂ ਰਹੀਆਂ ਹਨ। ਬਦਲਵੀਂ ਖੇਤੀ ਕਰਨ ਵਾਲੇ ਕਿਸਾਨ ਬਲਵੀਰ ਸਿੰਘ ਨੇ ਕਿਹਾ ਕਿ ਉਸ ਨੇ ਸਟ੍ਰਾਬੇਰੀ ਦੀ ਖੇਤੀ ਸ਼ੁਰੂ ਕੀਤੀ ਸੀ ਪਰ ਕਰਫਿਊ ਲੱਗਣ ਦੇ ਕਾਰਨ ਉਸ ਦਾ ਫਰੂਟ ਹੁਣ ਮੰਡੀ ਵਿੱਚ ਨਹੀਂ ਜਾ ਰਿਹਾ ਜਿਸ ਕਾਰਨ ਪ੍ਰੇਸ਼ਾਨੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੰਡੀ ਕਰਨ ਦੀ ਦਿੱਕਤ ਆ ਰਹੀ ਸੀ ਹੁਣ ਕਰਫਿਊ ਲੱਗਣ ਕਾਰਨ ਉਨ੍ਹਾਂ ਨੂੰ ਫਿਰ ਤੋਂ ਵੱਡੀ ਸਮੱਸਿਆ ਆ ਰਹੀ ਹੈ, ਜਿਸ ਕਾਰਨ ਫਰੂਟ ਖ਼ਰਾਬ ਹੋ ਰਿਹਾ ਹੈ।