ਮਾਨਸਾ: ਜ਼ਿਲ੍ਹੇ ਦੀ ਤਹਿਸੀਲ ਵਜੋਂ ਜਾਣੇ ਜਾਂਦੇ ਮਾਨਸਾ ਨੂੰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ 13 ਅਪ੍ਰੈਲ 1992 ਨੂੰ ਜ਼ਿਲ੍ਹਾ ਹੋਣ ਦਾ ਮਾਣ ਬਖ਼ਸ਼ਿਆ। ਮਾਨਸਾ ਨੂੰ ਜ਼ਿਲ੍ਹਾ ਬਣਿਆਂ ਹੋਇਆਂ 27 ਸਾਲ ਹੋ ਗਏ ਹਨ ਤੇ ਅੱਜ ਵੀ ਵਿਕਾਸ ਪੱਖੋਂ ਪਛੜਿਆ ਹੋਇਆ ਹੈ।
ਮਾਨਸਾ ਵਿੱਚ ਭਾਵੇਂ ਧਾਗਾ ਮਿੱਲ ਹੋਵੇ ਜਾਂ ਫਿਰ ਬੁਢਲਾਡਾ ਵਿੱਚ ਗੰਨਾ ਮਿਲ ਹੋਵੇ। ਇਨ੍ਹਾਂ ਮਿਲਾਂ 'ਚ ਹਜ਼ਾਰਾਂ ਲੋਕ ਕੰਮ ਕਰਦੇ ਸਨ ਪਰ ਸਮੇਂ ਦੀਆਂ ਸਰਕਾਰਾਂ ਨੇ ਦੋਵੇਂ ਮਿਲਾਂ ਨੂੰ ਵੇਚ ਦਿੱਤਾ ਤੇ ਕਈ ਲੋਕ ਬੇਰੁਜ਼ਗਾਰ ਹੋ ਗਏ।
ਬੇਸ਼ੱਕ ਜ਼ਿਲ੍ਹੇ ਵਿੱਚ ਬਣਾਵਾਲਾਂ ਵਿਖੇ ਤਲਵੰਡੀ ਸਾਬੋ ਪਾਵਰ ਪਲਾਂਟ ਲੱਗਿਆ ਉੱਥੇ ਕੁਝ ਨੌਜਵਾਨਾਂ ਨੂੰ ਕੰਮ ਮਿਲਿਆ ਪਰ ਜ਼ਿਆਦਾਤਰ ਦੱਖਣੀ ਭਾਰਤ ਦੇ ਲੋਕਾਂ ਨੂੰ ਹੀ ਰੁਜ਼ਗਾਰ ਮਿਲਿਆ। ਇਸ ਦੇ ਨਾਲ ਹੀ ਸਿੱਖਿਆ ਵਾਲੇ ਪਾਸਿਓਂ ਵੀ ਜ਼ਿਲ੍ਹੇ ਦਾ ਕੋਈ ਵਿਕਾਸ ਨਹੀਂ ਹੋਇਆ।
ਜ਼ਿਲ੍ਹੇ ਵਿੱਚ ਮਹਿਜ ਇੱਕ ਸਰਕਾਰੀ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਹੈ ਜਿੱਥੇ ਮੱਧਵਰਗੀ ਪਰਿਵਾਰਾਂ ਦੇ ਬੱਚੇ ਸਿੱਖਿਆ ਹਾਸਿਲ ਕਰਨ ਲਈ ਆਉਂਦੇ ਹਨ ਪਰ ਅਫ਼ਸੋਸ ਕਿ ਇਸ ਕਾਲਜ 'ਚ ਇੱਕ ਹੀ ਸਰਕਾਰੀ ਰੈਗੂਲਰ ਪ੍ਰੋਫ਼ੈਸਰ ਹੈ ਅਤੇ ਪੱਕੇ ਤੌਰ ਤੇ ਕੋਈ ਪ੍ਰਿੰਸੀਪਲ ਵੀ ਨਸੀਬ ਨਹੀਂ ਹੋਇਆ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਵੇਲੇ ਮਾਨਸਾ ਜ਼ਿਲ੍ਹੇ ਵਿੱਚ ਨੌਜਵਾਨਾਂ ਨੂੰ ਚੰਗੇਰੀ ਸਿਖਿਆ ਦੇਣ ਲਈ ਪੀਟੀਯੂ ਯੂਨੀਵਰਸਿਟੀ ਖੋਲ੍ਹਣ ਦਾ ਅਕਾਲੀ ਸਰਕਾਰ ਨੇ ਨੀਂਹ ਪੱਥਰ ਰੱਖਿਆ ਜਿਸ ਦੀ ਬਾਊਡਰੀਵਾਲ ਦਾ ਕੰਮ ਸੁਰੂ ਕੀਤਾ ਪਰ ਉਹ ਵੀ ਪੂਰਾ ਨਹੀਂ ਹੋਇਆ। ਇਸ ਕਰਕੇ ਨੌਜਵਾਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।