ਮਾਨਸਾ: ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਲਗਭਗ ਸਾਰੇ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜੋ ਵਿਦੇਸ਼ ਬੈਠੇ ਹਨ ਉਹ ਪੰਜਾਬ ਸਰਕਾਰ ਨਹੀਂ ਬਲਕਿ ਕੇਂਦਰ ਸਰਕਾਰ ਦੀ ਕਿਰਿਆ ਅਧੀਨ ਹਨ, ਜਿਸ ਦੇ ਲਈ ਉਹਨਾਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਜਲਦ ਹੀ ਪੰਜਾਬ ਲਿਆ ਕੇ ਸਿੱਧੂ ਮੂਸੇ ਵਾਲਾ ਦੇ ਆਰੋਪੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਨਸਾ ਦੇ ਇੱਕ ਪ੍ਰਾਈਵੇਟ ਕਾਲਜ ਵਿੱਚ ਕਰਵਾਏ ਜਾ ਰਹੇ ਖੇਤਰੀ ਜ਼ੋਨ ਯੂਥ ਫੈਸਟੀਵਲ ਦਾ ਉਦਘਾਟਨ ਕਰਨ ਪਹੁੰਚੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ ਗਿਆ।(Cabinet Minister Aman Arora)
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧੀਨ ਕਰਵਾਏ ਜਾ ਰਹੇ ਖੇਤਰੀ ਜ਼ੋਨ ਦੇ ਯੂਥ ਫੈਸਟੀਵਲ ਦਾ ਮਾਨਸਾ ਜ਼ਿਲ੍ਹੇ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਉਦਘਾਟਨ ਕਰਨ ਪਹੁੰਚੇ, ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜਿੱਥੇ ਕਾਲਜ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਉੱਥੇ ਹੀ ਉਨ੍ਹਾਂ ਯੂਥ ਫੈਸਟੀਵਲ ਦੇ ਵਿਚ ਭਾਗ ਲੈ ਰਹੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਿੱਧੂ ਮੂਸੇ ਵਾਲਾ ਕਤਲ ਮਾਮਲੇ ਦੀ ਐਨਆਈਏ ਵੱਲੋਂ ਜਾਂਚ ਕਰਨ ਦੇ ਸਵਾਲ 'ਤੇ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਸਿੱਧੂ ਮੂਸੇ ਵਾਲਾ ਦੇ ਕਤਲ ਵਿਚ ਸਾਰੇ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਬੇਸ਼ੱਕ ਸ਼ੂਟਰ ਹੋਣ ਜਾਂ ਫਿਰ ਇਸ ਮਾਮਲੇ ਨਾਲ ਸਬੰਧਤ ਕੋਈ ਵੀ ਵਿਅਕਤੀ ਹੋਵੇ ਅਤੇ ਇਸ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਹੋਰ ਵੀ ਇਸ ਜਾਂਚ ਦੇ ਅਧੀਨ ਆਵੇਗਾ ਤਾਂ ਉਸ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਵਿਦੇਸ਼ ਬੈਠੇ ਸਾਜ਼ਿਸ਼ਕਰਤਾ ਸਬੰਧੀ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਵੱਲੋਂ ਪੂਰੇ ਯਤਨ ਕਰ ਰਹੀ ਹੈ, ਪਰ ਵਿਦੇਸ਼ ਬੈਠੇ ਸਾਜ਼ਿਸ਼ਕਰਤਾ ਨੂੰ ਲਿਆਉਣ ਦਾ ਪ੍ਰਕਿਰਿਆ ਕੇਂਦਰ ਦੇ ਅਧੀਨ ਹੈ ਜੋ ਕਿ ਜਾਰੀ ਹੈ ਅਤੇ ਉਨ੍ਹਾਂ ਦੀ ਪਹਿਚਾਣ ਕਰ ਲਈ ਗਈ ਹੈ ਜਲਦ ਹੀ ਉਨ੍ਹਾਂ ਨੂੰ ਪੰਜਾਬ ਲਿਆ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਉਨ੍ਹਾਂ ਸ਼ਹਿਰ ਦੇ ਵਿਕਾਸ 'ਤੇ ਬੋਲਦਿਆਂ ਕਿਹਾ ਕਿ ਵੱਡੇ ਵੱਡੇ ਪੱਧਰ 'ਤੇ ਪਲੈਨ ਬਣ ਰਹੇ ਹਨ ਅਤੇ ਛੋਟੇ ਸ਼ਹਿਰਾਂ ਦੇ ਵਿੱਚ ਵੀ ਹਾਊਸ ਡਿਵੈਲਪਮੈਂਟ ਨੂੰ ਲੈ ਕੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ। ਗੈਰਕਾਨੂੰਨੀ ਕਲੋਨੀਆਂ ਦਾ ਰੁਝਾਨ ਖ਼ਤਮ ਕਰ ਰਹੇ ਹਾਂ ਅਤੇ ਇਸਦੇ ਨਾਲ ਹੀ ਗ਼ਰੀਬ ਵਰਗ ਦੇ ਲੋਕਾਂ ਨੂੰ ਇੱਕ ਚੰਗੀ ਅਤੇ ਵਧੀਆ ਹਾਊਸਿੰਗ ਦੇਣ ਦੇ ਲਈ ਕੰਮ ਕਰ ਰਹੇ ਹਾਂ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਾਬਕਾ ਸੰਸਦ ਧਰਮਵੀਰ ਗਾਂਧੀ ਵੱਲੋਂ ਗੁਜਰਾਤ ਅਤੇ ਹਿਮਾਚਲ ਚੋਣਾਂ ਵਿੱਚ ਪੰਜਾਬ ਦਾ ਪੈਸਾ ਖਰਚ ਕਰਨ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਜਨਤਾ ਨੇ ਨਕਾਰ ਦਿੱਤਾ ਹੈ ਉਨ੍ਹਾਂ ਦੇ ਸਵਾਲਾਂ ਦਾ ਅਸੀਂ ਜਵਾਬ ਨਹੀਂ ਦੇਣਾ।
ਉਨ੍ਹਾਂ ਮੀਡੀਆ ਕਰਮੀਆਂ ਨੂੰ ਵੀ ਨਸੀਹਤ ਦਿੰਦਿਆਂ ਕਿਹਾ ਕਿ ਤੁਹਾਡਾ ਡਿਪਾਰਟਮੈਂਟ ਮੇਰੇ ਕੋਲ ਹੈ ਅਤੇ ਤੁਸੀਂ ਅਜਿਹੇ ਲੋਕਾਂ ਦੇ ਸਵਾਲਾਂ ਦੇ ਜਵਾਬ ਮੰਗਣ ਦੀ ਬਜਾਏ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਿਆ ਕਰੋ।
ਇਹ ਵੀ ਪੜ੍ਹੋ:ਹਾਕੀ ਟੀਮ ਦੀ ਖਿਡਾਰਨ ਗੁਰਜੀਤ ਕੌਰ ਦੀ ਚਾਚੀ ਦਾ ਹੋਇਆ ਦੇਹਾਂਤ, ਪਰਿਵਾਰ ਨੇ ਹਸਪਤਾਲ 'ਤੇ ਚੁੱਕੇ ਸੁਆਲ