ਮਾਨਸਾ: ਮੋਬਾਈਲ ਫੋਨ ਜੋ ਕਿ ਅੱਜ ਦੇ ਸਮੇਂ ਵਿੱਚ ਲੋਕਾਂ ਲਈ ਇੱਕ ਨਸ਼ਾ ਬਣ ਗਿਆ ਹੈ। ਫੋਨ ਦੀ ਵਰਤੋਂ ਜਿਆਦਾ ਸਮੇਂ ਕਰਨ ਨਾਲ ਲੋਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਮੋਬਾਈਲ ਦੇ ਇਸ ਡਿਜੀਟਲ ਨਸ਼ੇ ਤੋਂ ਦੂਰ ਕਰਨ ਲਈ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਢਿੱਲਵਾਂ ਵਿੱਚੋਂ ਨੌਜਵਾਨਾਂ ਦਾ ਮੋਬਾਈਲ ਨਾਲੋਂ ਨਾਤਾ ਘਟਾਉਣ ਦਾ ਅਨੋਖਾ ਉਪਰਾਲਾ ਕੀਤਾ ਗਿਆ ਹੈ। ਪਿੰਡ ਦੇ ਗ੍ਰੇਟ ਥਿੰਕਰ ਕਲੱਬ ਵੱਲੋਂ ਬੱਸ ਅੱਡੇ 'ਤੇ ਲਾਇਬ੍ਰੇਰੀ ਖੋਲ੍ਹੀ ਗਈ ਹੈ।
ਇਸ ਲਾਇਬ੍ਰੇਰੀ ਵਿੱਚੋਂ ਪਹਿਲੇ ਪੜਾਅ ਤਹਿਤ ਕਰੀਬ 225 ਕਿਤਾਬਾਂ ਰੱਖੀਆਂ ਗਈਆਂ ਹਨ। ਕਲੱਬ ਦੇ ਅਹੁਦੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਆਮ ਹੀ ਵੇਖਣ ਨੂੰ ਮਿਲਦਾ ਸੀ ਜਦੋਂ ਵੀ ਕਿਤੇ ਵਿਚਾਰ ਚਰਚਾ ਕਰਨ ਲਈ ਇਕੱਤਰਤਾ ਹੁੰਦੀ ਤਾਂ ਉੱਥੇ ਵੀ ਨੌਜਵਾਨ ਮੋਬਾਈਲ ਵਿੱਚ ਰੁੱਝੇ ਰਹਿੰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਉਪਰਾਲਾ ਕਰਨ ਹਿੱਤ ਸੋਚਿਆ ਤਾਂ ਫਿਰ ਲਾਇਬ੍ਰੇਰੀ ਨੂੰ ਹੀ ਪਹਿਲ ਦਿੱਤੀ ਗਈ ਤਾਂ ਕਿ ਨੌਜਵਾਨ ਅਤੇ ਪਿੰਡ ਦੇ ਹੋਰ ਲੋਕ ਵਿਹਲੇ ਸਮੇਂ ਮੋਬਾਇਲ ਨਾਲੋਂ ਨਾਤਾ ਤੋੜ ਕਿਤਾਬਾਂ ਵੱਲ ਮੋਹ ਪਾ ਸਕਣ।
ਇਸ ਮੌਕੇ ਕਲੱਬ ਮੈਂਬਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਜ਼ਿਆਦਾਤਰ ਮੋਬਾਇਲਾਂ ਨਾਲ ਜੁੜੇ ਰਹਿੰਦੇ ਸਨ ਜਿਸ ਕਰਕੇ ਉਨ੍ਹਾਂ ਲਾਇਬ੍ਰੇਰੀ ਖੋਲ੍ਹੀ ਅਤੇ ਹੁਣ ਬਹੁਤ ਵਧੀਆ ਪ੍ਰਤੀਕ੍ਰਿਆ ਆ ਰਹੀ ਹੈ। ਨੌਜਵਾਨ ਅਤੇ ਪਿੰਡ ਦੇ ਪੜ੍ਹਨ ਵਾਲੇ ਬੱਚੇ ਵੀ ਇਸ ਲਾਇਬ੍ਰੇਰੀ ਵਿੱਚ ਆ ਕੇ ਕਿਤਾਬਾਂ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਇਹ ਲਾਇਬ੍ਰੇਰੀ 12 ਘੰਟੇ ਖੁੱਲ੍ਹੀ ਰਹਿੰਦੀ ਹੈ ਅਤੇ ਇੱਥੇ ਪਿੰਡ ਵਾਸੀ ਨੌਜਵਾਨ ਕਲੱਬ ਮੈਂਬਰ ਅਤੇ ਨੌਜਵਾਨ ਬੈਠ ਕੇ ਕਿਤਾਬਾਂ ਪੜ੍ਹਦੇ ਹਨ।