ਮਾਨਸਾ: ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਲੜਾਈ ਲੜ ਰਹੇ, ਗੈਂਗਸਟਰਾਂ, ਪੁਲਿਸ ਅਤੇ ਸਰਕਾਰ 'ਤੇ ਵੱਡੇ ਨਿਸ਼ਾਨੇ ਸਾਧਣ ਵਾਲੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਵਾਰ ਫਿਰ ਤੋਂ ਸਰਕਾਰ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਪੰਜਾਬ ਵਿੱਚ ਗੈਂਗਸਟਰਾਂ ਦੇ ਹੋ ਰਹੇ ਐਨਕਾਊਂਟਰ 'ਤੇ ਬੋਲਦੇ ਕਿਹਾ ਕਿ ਜਿੰਨ੍ਹਾਂ ਗੈਂਗਸਟਰਾਂ ਦੇ ਐਨਕਾਊਂਟਰ ਕਰਨੇ ਚਾਹੀਦੇ ਨੇ ਉਹਨਾਂ ਨੂੰ ਸਰਕਾਰ ਸੁਵਿਧਾਵਾਂ ਦੇ ਰਹੀ ਹੈ ਜਦੋਂਕਿ ਜੋ ਨੌਜਵਾਨ ਰਸਤਾ ਭਟਕ ਚੁੱਕੇ ਨੇ ਉਨ੍ਹਾਂ ਦੇ ਐਨਕਾਊਂਟਰ ਕੀਤੇ ਜਾ ਰਹੇ ਹਨ। ਸਰਕਾਰ ਐਨਕਾਊਂਟਰ ਕਰਵਾ ਕੇ ਝੂਠੀ ਵਾਹ-ਵਾਹੀ ਲੈ ਰਹੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੂਸੇਵਾਲਾ ਦੇ ਪ੍ਰਸੰਸਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੇਸ਼ੱਕ ਉਹਨਾਂ ਦਾ ਪੁੱਤਰ ਦੁਨੀਆਂ ਦੇ ਵਿੱਚ ਨਹੀਂ ਰਿਹਾ ਪਰ ਉਹ ਦੂਸਰੇ ਲੋਕਾਂ ਦੇ ਬੱਚਿਆਂ ਨੂੰ ਬਚਾਉਣ ਲਈ ਲਗਾਤਾਰ ਸਰਕਾਰ ਦੇ ਖਿਲਾਫ ਆਵਾਜ਼ ਉਠਾ ਰਹੇ ਹਨ ।
ਕਿੱਥੇ ਹੋਈ ਲਾਰੈਂਸ ਦੀ ਇੰਟਰਵਿਊ: ਉੱਥੇ ਹੀ ਉਹਨਾਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 'ਤੇ ਵੀ ਬੋਲਦੇ ਹੋਏ ਕਿਹਾ ਕਿ ਪੰਜਾਬ ਦੀ ਸਿੱਟ ਅਜੇ ਤੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿੱਚ ਇਹ ਨਹੀਂ ਸਾਬਿਤ ਕਰ ਸਕੀ ਕਿ ਇੰਟਰਵਿਊ ਕਿੱਥੇ ਹੋਈ ਹੈ। ਜਦੋਂ ਕਿ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਇਸ ਮਾਮਲੇ ਵਿੱਚ ਸਖਤ ਐਕਸ਼ਨ ਲੈਣ ਤੋਂ ਬਾਅਦ ਪੰਜਾਬ ਸਰਕਾਰ ਮੁੱਕਰ ਚੁੱਕੀ ਹੈ ਕਿ ਪੰਜਾਬ ਵਿੱਚ ਇੰਟਰਵਿਊ ਨਹੀਂ ਹੋਈ ।ਇਸ ਦੌਰਾਨ ਉਹਨਾਂ ਪੰਜਾਬ ਦੇ ਵਿੱਚ ਹੋ ਰਹੇ ਇਨਕਾਊਂਟਰਾਂ ਤੇ ਬੋਲਦੇ ਹੋਇਆ ਕਿਹਾ ਕਿ ਪੰਜਾਬ ਵਿੱਚ ਹੋ ਰਹੇ ਇਨਕਾਊਂਟਰ ਸਹੀ ਨਹੀਂ ਅਤੇ ਜੋ ਨੌਜਵਾਨ ਅਣਜਾਣ ਪੁਣੇ ਵਿੱਚ ਰਸਤਾ ਭਟਕ ਚੁੱਕੇ ਹਨ ਉਹਨਾਂ ਦੇ ਜਾਣ ਬੁੱਝ ਕੇ ਸਰਕਾਰ ਐਨਕਾਊਂਟਰ ਕਰਵਾ ਕੇ ਝੂਠੀ ਸ਼ੋਹਰਤ ਲੈ ਰਹੀ ਹੈ ।
ਲੀਡਰਾਂ ਨੂੰ ਨਸੀਅਤ: ਇਸ ਦੌਰਾਨ ਉਹਨਾਂ ਸਿਆਸੀ ਨੇਤਾਵਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਨਾਂ ਨੂੰ ਰਾਜਨੀਤੀ ਵਿੱਚ ਆਉਣ ਦੇ ਲਈ ਪ੍ਰੇਰਿਤ ਨਾ ਕਰਨ ਕਿਉਂਕਿ ਉਹ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਅਤੇ ਉਹਨਾਂ ਨੂੰ ਪਤਾ ਹੈ ਕਿ ਰਾਜਨੀਤੀ ਵਾਲੇ ਨੇਤਾ ਉਹਨਾਂ ਦਾ ਨਾਮ ਲੈ ਕੇ ਰੋਟੀਆਂ ਸੇਕਣਾ ਚਾਹੁੰਦੇ ਹਨ ਅਤੇ ਉਹਨਾਂ ਨੂੰ ਇਸਤੇਮਾਲ ਕਰਨਾ ਚਾਹੁੰਦੇ ਹਨ ਪਰ ਉਹ ਇਸਤੇਮਾਲ ਨਹੀਂ ਹੋਣਗੇ।