ਮਾਨਸਾ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਵੱਲੋਂ ਮਾਨਸਾ ਵਿਖੇ ਪਹੁੰਚ ਕਿਸਾਨਾਂ ਅਤੇ ਆਪਣੇ ਵਾਲੰਟੀਅਰਾਂ ਦੇ ਨਾਲ ਮੀਟਿੰਗ ਰੱਖੀ ਗਈ। ਇਸ ਮੌਕੇ ਕਿਸਾਨ ਜਥੇਬੰਦੀਆਂ ਕੇਜਰੀਵਾਲ ਖਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਕਿਸਾਨਾਂ ਵੱਲੋਂ ਪੰਜਾਬ ਦੇ ਮਸਲਿਆਂ ਨੂੰ ਲੈਕੇ ਕੇਜਰੀਵਾਲ ਨੂੰ ਕਈ ਸਵਾਲ ਕੀਤੇ ਗਏ ਜਿਸ ਦਾ ਕੇਜਰੀਵਾਲ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ।
ਕੇਜਰੀਵਾਲ ਵੱਲੋਂ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਨਾ ਦੇਣ ਨੂੰ ਲੈਕੇ ਕੀ ਬੋਲੇ ਭਗਵੰਤ ਮਾਨ
ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਦੱਸਿਆ ਕਿ ਕੇਜਰੀਵਾਲ ਵੱਲੋਂ ਕਿਸਾਨਾਂ ਦੇ ਹਰ ਸਵਾਲ ਦਾ ਜਵਾਬ ਦਿੱਤਾ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਕਿਸਾਨਾਂ ਦੇ ਰਾਜਨੀਤਿਕ ਸਵਾਲਾਂ ਜਵਾਬ ਨਹੀਂ ਦਿੱਤਾ ਗਿਆ। ਮਾਨ ਨੇ ਕਿਹਾ ਕਿ 370 ਧਾਰਾ ਨੂੰ ਲੈਕੇ ਕੀਤੇ ਸਵਾਲ ਪੰਜਾਬ ਦੀ ਕਿਸਾਨੀ ਦੇ ਨਾਲ ਕੋਈ ਸਬੰਧ ਨਹੀਂ ਹੈ ਬਲਕਿ ਰਾਜਨੀਤਿਕ ਸਵਾਲ ਹਨ।
ਆਪ ਦੇ ਸੀਐੱਮ ਚਿਹਰੇ ‘ਤੇ ਭਗਵੰਤ ਮਾਨ ਦਾ ਬਿਆਨ
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਪ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਪਰ ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਹੈ ਆਮ ਆਦਮੀ ਪਾਰਟੀ ਕਿਸਾਨਾਂ ਦੇ ਝੰਡੇ ਹੇਠ ਕੰਮ ਕਰ ਰਹੀ ਹੈ। ਇਸ ਮੌਕੇ ਮੀਡੀਆ ਦੇ ਵੱਲੋਂ ਭਗਵੰਤ ਮਾਨ ਨੂੰ ਪਾਰਟੀ ਦੇ ਸੀਐਮ ਚਿਹਰੇ ਨੂੰ ਲੈਕੇ ਵੀ ਸਵਾਲ ਕੀਤਾ ਗਿਆ ਤਾਂ ਮਾਨ ਨੇ ਕਿਹਾ ਕਿ ਅਜੇ ਤੱਕ ਵਿਰੋਧੀ ਪਾਰਟੀਆਂ ਵੱਲੋਂ ਸੀਐਮ ਚਿਹਰੇ ਦਾ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਲਦ ਹੀ ਉਨ੍ਹਾਂ ਦੀ ਪਾਰਟੀ ਵੀ ਸੀਐਮ ਚਿਹਰੇ ਦਾ ਐਲਾਨ ਕਰੇਗੀ।
ਅਰੂਸਾ ਮਸਲੇ ‘ਤੇ ਬੋਲੇ ਮਾਨ
ਇਸ ਮੌਕੇ ਮਾਨ ਦਾ ਪੰਜਾਬ ਦੇ ਵਿੱਚ ਭਖੇ ਅਰੂਸਾ ਵਿਵਾਦ ਨੂੰ ਲੈਕੇ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਅਰੂਸਾ ਕੋਈ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਮੁੱਦੇ ਹਨ ਜਿੰਨ੍ਹਾਂ ਦੀ ਚਰਚਾ ਨਹੀਂ ਹੋ ਰਹੀ ਹੈ।
ਭਗਵੰਤ ਮਾਨ ਦਾ ਚੰਨੀ ‘ਤੇ ਤੰਜ਼
ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜ਼ਿਆਦਾ ਕੰਮ ਕਰਨ ਨੂੰ ਲੈਕੇ ਤੰਜ ਕਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚੰਨੀ ਨੂੰ ਇਸ ਕਰਕੇ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਕਿਉਂਕਿ ਉਨ੍ਹਾਂ ਨੂੰ ਜ਼ਿਆਦਾ ਸਮਾਂ ਦਿੱਲੀ ਦੇ ਵਿੱਚ ਹੀ ਰਹਿਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਆਪਣਾ ਹੀ ਕਲੇਸ਼ ਖਤਮ ਨਹੀਂ ਹੋ ਰਿਹਾ।
ਇਹ ਵੀ ਪੜ੍ਹੋ:ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜੇ ਕੇਜਰੀਵਾਲ, ਜਾਣੋ ਕਿਸਾਨਾਂ ਨੇ ਕਿਹੜੇ ਕੀਤੇ ਸਨ ਸਵਾਲ ?