ਮਾਨਸਾ: ਕੋਰੋਨਾ ਮਹਾਂਮਾਰੀ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਜਿੱਥੇ ਪੰਜਾਬ ਸਰਕਾਰ ਵੱਲੋਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਹੀ ਫਰੰਟ ਲਾਈਨ ’ਤੇ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਆਪਣੀਆਂ ਮੰਗਾਂ ਨੂੰ ਲੈ ਕੇ ਆਸ਼ਾ ਵਰਕਰਾਂ ਨੇ ਡੀਸੀ ਦਫਤਰ ਦੇ ਸਾਹਮਣੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਜਾਣਕਾਰੀ ਦਿੰਦੇ ਹੋਏ ਆਸ਼ਾ ਵਰਕਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਦੋ ਦਿਨਾਂ ਤੋਂ ਧਰਨਾ ਹਸਪਤਾਲਾਂ ’ਚ ਚੱਲ ਰਿਹਾ ਸੀ। ਉਹ ਆਪਣੀ ਮੰਗ ਪ੍ਰਸ਼ਾਸਨ ਕੋਲ ਰੱਖਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕੋਰੋਨਾ ਮਹਾਂਮਾਰੀ ਦੇ ਪਹਿਲੇ ਦਿਨ ਤੋਂ ਅੱਗੇ ਵਧ ਕੇ ਘਰ-ਘਰ ਜਾ ਕੇ ਕੰਮ ਕਰ ਰਹੀਆਂ ਹਨ। ਪਰ ਸਿਹਤ ਵਿਭਾਗ ਵੱਲੋਂ ਸਾਨੂੰ ਕੋਈ ਵੀ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀ। ਸਗੋਂ ਸਾਨੂੰ ਆਕਸੀਮੀਟਰ ਦੇ ਕੇ ਪਿੰਡਾਂ ਵਿਚ ਭੇਜਿਆ ਜਾ ਰਿਹਾ।
ਸੰਘਰਸ਼ ਨੂੰ ਕੀਤਾ ਜਾਵੇਗਾ ਹੋਰ ਤੋਜ਼- ਆਸ਼ਾ ਵਰਕਰ
ਆਸ਼ਾ ਵਰਕਰਾਂ ਨੇ ਕਿਹਾ ਕਿ ਉਹ ਕੰਮ ਤੋਂ ਇਨਕਾਰ ਨਹੀਂ ਕਰਦੀਆਂ ਹਨ ਪਰ ਜਿੰਨਾ ਉਨ੍ਹਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ, ਕੰਮ ਮੁਤਾਬਿਕ ਉਨ੍ਹਾਂ ਦੀ ਤਨਖਾਹ ਉਨ੍ਹਾਂ ਨੂੰ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਇੱਕ ਦੋ ਰੁਪਏ ਕਮਿਸ਼ਨ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਆਸ਼ਾ ਵਰਕਰਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਸਾਨੂੰ 500 ਰੁਪਏ ਰੋਜ਼ਾਨਾ ਦਿੱਤੇ ਜਾਣ ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਹੋ ਸਕੇl ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਸਾਡੀਆਂ ਮੰਗਾਂ ਨਹੀਂ ਮੰਨਦੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਵੀ ਜ਼ਿਆਦਾ ਤਿੱਖਾ ਕੀਤਾ ਜਾਵੇਗਾ।
ਇਹ ਵੀ ਪੜੋ: ਲੋਕ ਕੋਰੋਨਾ ਨਾਲ ਮਰ ਰਹੇ, ਸੂਬਾ ਸਰਕਾਰ ਦੇ ਮੰਤਰੀ ਆਪਸ ’ਚ ਲੜ ਰਹੇ: ਤਰੁਣ ਚੁੱਘ