ਮਾਨਸਾ: ਸੀਪੀਆਈ ਐਮਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਵਿੱਚ ਇਕੱਠੀਆਂ ਹੋਈਆਂ ਔਰਤਾਂ ਨੇ ਮਾਨਸਾ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ। ਉਨ੍ਹਾਂ ਨੇ ਭਾਰਤ ਫਾਇਨਾਂਸ ਕੰਪਨੀ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ, ਕਿਉਂਕਿ ਕੋਰੋਨਾ ਕਰ ਕੇ ਉਹ ਮਾਈਕਰੋ ਫ਼ਾਈਨਾਂਸ ਕੰਪਨੀਆਂ ਤੋਂ ਲਏ ਕਰਜ਼ ਨੂੰ ਮੋੜਣ ਵਿੱਚ ਅਸਮਰੱਥ ਹਨ। ਜਿਸ ਕਰ ਕੇ ਕੰਪਨੀਆਂ ਵਾਲੇ ਔਰਤਾਂ ਨਾਲ ਕੁੱਟਮਾਰ ਅਤੇ ਗੁੰਡਾਗਰਦੀ ਕਰਦੇ ਹਨ।
ਮਜ਼ਦੂਰ ਮੁਕਤੀ ਮੋਰਚੇ ਦੇ ਆਗੂ ਬਿੰਦਰ ਸਿੰਘ ਨੇ ਦੱਸਿਆ ਕਿ ਆਰਬੀਆਈ ਵੱਲੋਂ ਕਰਜ਼ ਵਸੂਲੀ ਉੱਤੇ 31 ਅਗਸਤ ਤੱਕ ਲਾਈ ਰੋਕ ਦੇ ਬਾਵਜੂਦ ਵੀ ਫਾਈਨਾਂਸ ਕੰਪਨੀਆਂ ਦੇ ਕਰਿੰਦਿਆਂ ਵੱਲੋਂ ਪਿੰਡਾਂ ਵਿੱਚ ਜਬਰਨ ਕਿਸ਼ਤ ਵਸੂਲੀ ਦੇ ਨਾਂਅ ਉੱਤੇ ਔਰਤਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਰੋਕ ਦੇ ਬਾਵਜੂਦ ਵੀ ਕੰਪਨੀਆਂ ਵੱਲੋਂ ਕਿਸ਼ਤਾਂ ਦੀ ਵਸੂਲੀ ਕੀਤੀ ਜਾ ਰਹੀ ਹੈ ਅਤੇ ਕਰਜ਼ਦਾਰ ਔਰਤਾਂ ਦੇ ਘਰਾਂ ਵਿੱਚ ਜੇ ਕੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ।
ਇਸ ਲਈ ਉਨ੍ਹਾਂ ਨੇ ਅਜਿਹੇ ਕਰਿੰਦਿਆਂ ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਾਰਵਾਈ ਨਾ ਹੋਣ ਉੱਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਕਿਹਾ ਹੈ।
ਧਰਨੇ ਵਿੱਚ ਸ਼ਾਮਿਲ ਪੀੜਿਤ ਔਰਤਾਂ ਰਾਜ ਰਾਣੀ ਅਤੇ ਕ੍ਰਿਸ਼ਨਾ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਕੰਮਕਾਜ ਚਲਾਉਣ ਲਈ ਫਾਈਨਾਂਸ ਕੰਪਨੀਆਂ ਤੋਂ ਕਰਜ਼ ਲਿਆ ਸੀ, ਪਰ ਲੌਕਡਾਊਨ ਕਾਰਨ ਕੰਮ ਬੰਦ ਹੋਣ ਕਾਰਨ ਉਹ ਕਰਜ਼ ਵਾਪਸ ਕਰਨ ਤੋਂ ਅਸਮਰਥ ਹੋ ਚੁੱਕੀਆਂ ਹਨ। ਕਿਸ਼ਤਾਂ ਨਾ ਮੋੜਣ ਕਰ ਕੇ ਕੰਪਨੀਆਂ ਦੇ ਕਰਿੰਦੇ ਸਾਡੇ ਘਰਾਂ ਵਿੱਚ ਜਾ ਕੇ ਗੁੰਡਾਗਰਦੀ ਕਰਦੇ ਹਨ ਅਤੇ ਸਾਡੇ ਘਰਾਂ ਨੂੰ ਤਾਲੇ ਲਾਉਣ ਦੀ ਵੀ ਧਮਕੀ ਦਿੰਦੇ ਹਨ।