ਮਾਨਸਾ: ਵਿਧਾਨਸਭਾ ਚੋਣਾਂ 2022 (Assembly Elections 2022) ਤੋਂ ਪਹਿਲਾਂ ਨਸ਼ੇ ਦੇ ਮਸਲੇ ਨੂੰ ਲੈਕੇ ਬਿਕਰਮ ਮਜੀਠੀਆ ਖਿਲਾਫ਼ ਪਰਚੇ ਤੋਂ ਬਾਅਦ ਪੰਜਾਬ ਦੀ ਸਿਆਸਤ ਭਖ ਚੁੱਕੀ ਜਾਵੇ। ਮਜੀਠੀਆ ਉੱਤੇ ਪਰਚੇ ਨੂੰ ਲੈਕੇ ਅਕਾਲੀ ਦਲ ਵੱਲੋਂ ਲਗਾਤਾਰ ਚੰਨੀ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ ਜਾ ਰਿਹਾ ਹੈ। ਮਾਨਸਾ ਵਿਖੇ ਅਕਾਲੀ ਦਲ ਵੱਲੋਂ ਧਰਨਾ ਪ੍ਰਦਰਸ਼ਨ ਕਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪਰਚਾ ਦਰਜ ਨੂੰ ਲੈ ਕੇ ਸਰਕਾਰ ਦੀ ਨਿਖੇਧੀ ਕੀਤੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਹੋਰ ਮਸਲਿਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਖਿਲਾਫ਼ ਕਾਰਵਾਈ ਕਰਨ ਦਾ ਡਰਾਮਾ ਰਚ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਸੀਂ ਇਹ ਸਭ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਪੰਜਾਬ ਵਿੱਚ ਹੋਈ ਬੇਅਦਬੀ ਦੇ ਮਸਲੇ ਤੋਂ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਸਭ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਬਦਲਾਖੋਰੀ ਦੇ ਤਹਿਤ ਬਿਕਰਮ ਮਜੀਠੀਆ ਦੇ ਖਿਲਾਫ਼ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਹੈ ਜਿਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਫਸਾਉਣ ਲਈ ਸਰਕਾਰ ਨੇ ਪਹਿਲਾਂ ਤਿੰਨ ਡੀਜੀਪੀ ਦਾ ਤਬਦਲਾ ਕੀਤਾ ਜਿੰਨਾਂ ਵੱਲੋਂ ਝੂਠਾ ਕੇਸ ਦਰਜ ਕਰਨ ਤੋਂ ਜਵਾਬ ਦੇ ਦਿੱਤਾ ਗਿਆ ਸੀ ਫਿਰ ਸਰਕਾਰ ਨੇ ਆਪਣੀ ਯੋਜਨਾਂ ਤਹਿਤ ਨਵੇਂ ਡੀਜੀਪੀ ਨੂੰ ਤਾਇਨਾਤ ਕਰਕੇ ਇਹ ਪਰਚਾ ਦਰਜ ਕਰਵਾਇਆ ਹੈ।
ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖਿਲਾਫ਼ ਭੜਾਸ ਕੱਢਦੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਸੂਬੇ ਵਿੱਚ ਸੱਤਾ ਸੰਭਾਲਦਿਆਂ ਹਮੇਸ਼ਾ ਹੀ ਬਦਲਾਖੋਰੀ ਦੀ ਨੀਤੀ ਨੂੰ ਹਵਾ ਦਿੱਤੀ ਅਤੇ ਬਿਕਰਮ ਸਿੰਘ ਮਜੀਠੀਆ ਦਾ ਮਾਮਲਾ ਵੀ ਇਸੇ ਸਾਜਿਸ਼ ਦੀ ਕੜੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਕੇਸ ਰੱਦ ਨਾ ਕੀਤਾ ਗਿਆ ਤਾਂ ਅਕਾਲੀ ਦਲ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਚਿਤਾਵਨੀ ਹੈ ਕਿ ਉਹ ਛੇਤੀ ਤੋਂ ਛੇਤੀ ਇਹ ਮਾਮਲਾ ਰੱਦ ਕਰਕੇ ਮੁਆਫੀ ਮੰਗੇ।
ਇਹ ਵੀ ਪੜ੍ਹੋ: ਬਿਕਰਮ ਮਜੀਠੀਆ ਦੀ ਜਮਾਨਤ ਅਰਜੀ ਖਾਰਜ