ਮਾਨਸਾ: ਪੰਜਾਬ ਸਰਕਾਰ ਨੇ ਮਾਨਸਾ ਜ਼ਿਲ੍ਹੇ ਲਈ ਇੱਕ ਤੋਹਫ਼ਾ ਦਿੱਤਾ ਹੈ। ਪਿੰਡ ਹਮੀਰਗੜ੍ਹ ਢੈਪਈ ਵਿਖੇ 12 ਕਰੋੜ ਦੀ ਲਾਗਤ ਨਾਲ ਪੰਜ ਏਕੜ 'ਚ ਬਹੁ-ਤਕਨੀਕੀ ਆਈ.ਟੀ.ਆਈ. ਬਣਨ ਜਾ ਰਿਹਾ ਹੈ। ਇਸ ਵਿੱਚ 250 ਸੀਟਾਂ ਰੱਖੀਆਂ ਗਈਆਂ ਹਨ ਅਤੇ ਇਸ ਆਈ.ਟੀ.ਆਈ. ਵਿੱਚ ਨੇੜਲੇ ਪਿੰਡਾਂ ਦੇ ਨੌਜਵਾਨ ਸਿਖ਼ਲਾਈ ਲੈ ਕੇ ਰੁਜ਼ਗਾਰ ਪ੍ਰਾਪਤ ਕਰ ਸਕਣਗੇ।
ਪਿੰਡ ਹਮੀਰਗੜ੍ਹ ਢੈਪਈ ਦੇ ਸਰਪੰਚ ਪਿਰਥੀ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਈ.ਟੀ.ਆਈ. ਬਣਾਉਣ ਲਈ ਉਨ੍ਹਾਂ ਦੀ ਪਿੰਡ ਦੀ ਪੰਚਾਇਤ ਤੋਂ ਜ਼ਮੀਨ ਦੀ ਮੰਗ ਕੀਤੀ ਸੀ ਜਿਸ ਦੇ ਚੱਲਦਿਆਂ ਉਨ੍ਹਾਂ ਪੰਜ ਏਕੜ ਜ਼ਮੀਨ ਸਰਕਾਰ ਨੂੰ ਦਿੱਤੀ ਹੈ। ਸਰਕਾਰ ਵੱਲੋਂ ਹੁਣ ਆਈ.ਟੀ.ਆਈ. ਬਣਾਉਣ ਲਈ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਈ.ਟੀ.ਆਈ. ਬਣਨ ਦੇ ਨਾਲ ਉਨ੍ਹਾਂ ਦੇ ਪਿੰਡ ਦੇ ਬੱਚੇ ਵਧੀਆ ਸਿਖਲਾਈ ਲੈ ਕੇ ਰੁਜ਼ਗਾਰ ਪ੍ਰਾਪਤ ਕਰ ਸਕਣਗੇ।
ਪਿੰਡ ਵਾਸੀ ਰਾਮ ਸਿੰਘ ਨੇ ਕਿਹਾ ਕਿ ਉਹ ਪਿੰਡ ਦੀ ਪੰਚਾਇਤ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਚਰਨਜੀਤ ਚੰਨੀ ਅਤੇ ਉਨ੍ਹਾਂ ਦੇ ਪਿੰਡ ਦੇ ਮਰਹੂਮ ਕਾਂਗਰਸੀ ਆਗੂ ਰਾਮਪਾਲ ਢੈਪਈ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਦੀ ਬਦੌਲਤ ਉਨ੍ਹਾਂ ਦੇ ਪਿੰਡ ਨੂੰ ਇਹ ਆਈਟੀਆਈ ਮਿਲੀ ਹੈ। ਹੁਣ ਨੇੜਲੇ ਪਿੰਡਾਂ ਨੂੰ ਬੀਰ ਹੋਡਲਾ ਅਤੇ ਹੋਰ ਪਿੰਡਾਂ ਦੇ ਨੌਜਵਾਨਾਂ ਨੂੰ ਇਸ ਦਾ ਬਹੁਤ ਲਾਭ ਹੋਵੇਗਾ।
ਉਨ੍ਹਾਂ ਕਿਹਾ ਕਿ ਮਾਨਸਾ ਇਲਾਕੇ ਨੂੰ ਪੱਛੜਿਆ ਇਲਾਕਾ ਕਿਹਾ ਜਾਂਦਾ ਸੀ ਅਤੇ ਹੁਣ ਇੱਥੇ ਆਈ.ਟੀ.ਆਈ. ਬਣ ਰਹੀ ਹੈ ਅਤੇ ਬੱਚੇ ਇੱਥੇ ਪੜ੍ਹਾਈ ਕਰਕੇ ਅੱਗੇ ਜਾਣਗੇ ਅਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਪਹਿਲਾਂ ਨੌਜਵਾਨ 12ਵੀਂ ਜਮਾਤ ਕਰਨ ਤੋਂ ਬਾਅਦ ਆਪਣੇ ਘਰਾਂ ਵਿੱਚ ਬੈਠ ਜਾਂਦੇ ਸੀ। ਉਨ੍ਹਾਂ ਕਿਹਾ ਕਿ ਇਸ ਆਈ.ਟੀ.ਆਈ. ਵਿੱਚ ਵੈਲਡਰ, ਇਲੈਕਟ੍ਰੀਕਲ ਅਤੇ ਕੰਪਿਊਟਰ ਆਦਿ ਦੇ ਕੋਰਸ ਕਰਵਾਏ ਜਾਣਗੇ ਜਿਸ ਲਈ ਉਹ ਸਰਕਾਰ ਦਾ ਧੰਨਵਾਦ ਕਰਦੇ ਹਨ।
ਹਲਕਾ ਇੰਚਾਰਜ ਡਾ. ਮਨੋਜ ਬਾਲਾ ਬਾਂਸਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਸਦਕਾ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਗੇ। ਉਨ੍ਹਾਂ ਕਿਹਾ ਕਿ 12 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੇ ਇਸ ਕੇਂਦਰ 'ਚ 250 ਸੀਟਾਂ ਰੱਖੀਆਂ ਗਈਆਂ ਹਨ ਜਿੱਥੋਂ ਨੌਜਵਾਨ ਵੱਖ ਵੱਖ ਕੋਰਸਾਂ ਦੀ ਟ੍ਰੇਨਿੰਗ ਲੈ ਕੇ ਆਪਣਾ ਰੁਜ਼ਗਾਰ ਚਲਾ ਸਕਣਗੇ।