ਮਾਨਸਾ: ਸਥਾਨਕ ਸਿਵਲ ਹਸਪਤਾਲ 'ਚੋਂ ਐਤਵਾਰ ਨੂੰ 9 ਕੋਰੋਨਾ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਨ੍ਹਾਂ ਮਰੀਜ਼ਾਂ ਤੋਂ ਸਿਹਤ ਵਿਭਾਗ ਨੇ ਅੰਡਰਟੇਕਿੰਗ ਲਈ ਹੈ ਕਿ ਇਹ ਖ਼ੁਦ ਨੂੰ 7 ਦਿਨਾਂ ਤੱਕ ਘਰ ਵਿੱਚ ਇਕਾਂਤਵਾਸ ਵਿੱਚ ਰੱਖ ਕੇ ਸਮਾਜਿਕ ਦੂਰੀ ਅਤੇ ਸਾਵਧਾਨੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰਨਗੇ।
ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਡਿਸਚਾਰਜ ਕੀਤੇ ਗਏ ਇਨ੍ਹਾਂ 9 ਵਿਅਕਤੀਆਂ ਤੋਂ ਅੰਡਰਟੇਕਿੰਗ ਲਈ ਗਈ ਹੈ ਕਿ ਉਹ 7 ਦਿਨਾਂ ਤੱਕ ਖੁਦ ਨੂੰ ਘਰ ਵਿੱਚ ਇਕਾਂਤਵਾਸ 'ਚ ਰੱਖਣਗੇ ਅਤੇ ਇਸ ਤੋਂ ਇਲਾਵਾ ਸਮਾਜਿਕ ਦੂਰੀ ਆਦਿ ਸਾਵਧਾਨੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰਨਗੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਜੇਕਰ ਕੋਈ ਵਿਅਕਤੀ 10 ਦਿਨਾਂ ਤੋਂ ਵੱਧ ਆਈਸੋਲੇਸ਼ਨ ਵਿੱਚ ਹੋਵੇ ਅਤੇ 3 ਦਿਨਾਂ ਤੋਂ ਉਸ ਨੂੰ ਕੋਈ ਬੁਖਾਰ, ਖੰਘ ਜਾਂ ਕੋਰੋਨਾ ਸਬੰਧੀ ਕੋਈ ਲੱਛਣ ਨਾ ਹੋਵੇ ਤਾਂ ਉਸ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਹਿਤ ਅੱਜ ਇਨ੍ਹਾਂ 9 ਵਿਅਕਤੀਆਂ ਨੂੰ ਹਸਪਤਾਲ ਚੋਂ ਛੁੱਟੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਸਿਵਲ ਹਸਪਤਾਲ 'ਚੋਂ ਹੁਣ ਤੱਕ 19 ਕੋਰੋਨਾ ਮਰੀਜ਼ਾਂ ਛੁੱਟੀ ਮਿਲ ਚੁੱਕੀ ਹੈ ਅਤੇ 14 ਮਰੀਜ਼ ਇਲਾਜ ਅਧੀਨ ਹਨ ਅਤੇ ਉਨ੍ਹਾਂ ਨੂੰ ਵੀ 10 ਦਿਨਾਂ ਬਾਅਦ ਛੁੱਟੀ ਦੇ ਦਿੱਤੀ ਜਾਵੇਗੀ।