ਮਾਨਸਾ: ਜ਼ਿਲ੍ਹਾ ਪੁਲਿਸ ਨੇ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋਏ ਹਰਿਆਣਾ ਮਾਰਕਾ ਸ਼ਰਾਬ ਦੀ ਵੱਡੀ ਖੇਪ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸੀਆਈਏ ਸਟਾਫ਼ ਪੁਲਿਸ ਪਾਰਟੀ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਗੱਡੀ ਮਹਿੰਦਰਾ ਪਿੱਕਅਪ ਜਾਅਲੀ ਨੰਬਰ ਪਲੇਟ ਲਗਾ ਕੇ ਹਰਿਆਣਾ ਮਾਰਕਾ ਸ਼ਰਾਬ ਵੇਚਣ ਲਈ ਲਿਆਂਦੀ ਜਾ ਰਹੀ ਹੈ। ਉਪਰੰਤ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਬਾਹੱਦ ਪਿੰਡ ਦੂਲੋਵਾਲ ਵਿਖੇ ਨਾਕਾਬੰਦੀ ਕਰਕੇ ਮੁਲਜ਼ਮ ਜੁਗਰਾਜ ਸਿੰਘ ਉਰਫ਼ ਰਾਜ ਵਾਸੀ ਸਹਿਣਾ (ਬਰਨਾਲਾ) ਨੂੰ ਗੱਡੀ ਮਹਿੰਦਰਾ ਪਿੱਕਅਪ ਸਮੇਤ ਕਾਬੂ ਕੀਤਾ।
ਜਾਅਲੀ ਨੰਬਰ ਪਲੇਟ ਨੰ:ਪੀਬੀ19ਐਚ8647 ਲੱਗੀ ਗੱਡੀ ਦੀ ਤਲਾਸ਼ੀ ਕਰਨ 'ਤੇ ਉਸ ਵਿੱਚੋਂ ਹਰਿਆਣਾ ਮਾਰਕਾ ਸ਼ਰਾਬ ਦੀਆਂ 348 ਬੋਤਲਾਂ (228 ਬੋਤਲਾਂ ਮਾਲਟਾ, 120 ਬੋਤਲਾਂ ਸ਼ਾਹੀ) ਬਰਾਮਦ ਹੋਈਆਂ। ਪੁਲਿਸ ਨੇ ਚਾਲਕ ਨੂੰ ਗੱਡੀ ਸਮੇਤ ਕਾਬੂ ਕਰ ਲਿਆ ਹੈ।
ਇਸੇ ਤਰ੍ਹਾਂ ਥਾਣਾ ਝੁਨੀਰ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ 'ਤੇ ਜਸਪਾਲ ਸਿੰਘ ਉਰਫ਼ ਜੈਲਦਾਰ ਵਾਸੀ ਜਵਾਹਰਕੇ ਅਤੇ ਗੁਰਵਿੰਦਰ ਸਿੰਘ ਉਰਫ਼ ਘੂਚਾ ਵਾਸੀ ਨੰਗਲ ਕਲਾਂ ਨੂੰ ਨਾਕਾਬੰਦੀ ਕਰਕੇ ਮੋਟਰ ਸਾਈਕਲ ਸਪਲੈਂਡਰ ਬਿਨਾਂ ਨੰਬਰੀ ਸਮੇਤ ਕਾਬੂ ਕੀਤਾ। ਜਿਨ੍ਹਾਂ ਪਾਸੋਂ ਹਰਿਆਣਾ ਮਾਰਕਾ ਸ਼ਰਾਬ ਦੀਆਂ 126 ਬੋਤਲਾਂ (ਸ਼ਹਿਨਾਈ) ਬਰਾਮਦ ਹੋਈਆਂ। ਪੁਲਿਸ ਨੇ ਮੋਟਰਸਾਈਕਲ ਅਤੇ ਬਰਾਮਦ ਮਾਲ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
ਇਸ ਦੇ ਨਾਲ ਹੀ ਝੁਨੀਰ ਪੁਲਿਸ ਨੇ ਮੁਖਬਰੀ ਦੇ ਆਧਾਰ 'ਤੇ ਲਖਵਿੰਦਰ ਸਿੰਘ ਉਰਫ਼ ਲੱਖ ਵਾਸੀ ਹੀਰਕੇ ਨੂੰ ਕਾਬੂ ਕਰਕੇ 200 ਲੀਟਰ ਲਾਹਣ ਅਤੇ ਗਮਦੂਰ ਸਿੰਘ ਅਤੇ ਕਸ਼ਮੀਰ ਸਿੰਘ ਵਾਸੀ ਸਾਹਨੇਵਾਲੀ ਨੂੰ ਕਾਬੂ ਕਰਕੇ 10 ਬੋਤਲਾਂ ਸ਼ਰਾਬ ਨਾਜਾਇਜ਼ ਬਰਾਮਦ ਕੀਤੀ। ਇਸ ਤੋਂ ਇਲਾਵਾ ਰਾਜਿੰਦਰ ਸਿੰਘ ਵਾਸੀ ਝੁਨੀਰ ਨੂੰ ਕਾਬੂ ਕਰਕੇ 10 ਬੋਤਲਾਂ ਸ਼ਰਾਬ ਠੇਕਾ ਮਾਰਕਾ ਹਰਿਆਣਾ ਬਰਾਮਦ ਕੀਤੀ।
ਜਦੋਂ ਕਿ ਥਾਣਾ ਸਦਰ ਪੁਲਿਸ ਨੇ ਕਰਨੈਲ ਸਿੰਘ ਵਾਸੀ ਚਕੇਰੀਆਂ ਪਾਸੋਂ 50 ਲੀਟਰ ਲਾਹਣ ਬਰਾਮਦ ਕੀਤੀ, ਜਿਸ ਦੀ ਗ੍ਰਿਫ਼ਤਾਰੀ ਬਾਕੀ ਹੈ। ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਗੁਰਸੇਵਕ ਸਿੰਘ ਵਾਸੀ ਬਹਾਦਰਪੁਰ ਨੂੰ ਕਾਬੂ ਕਰਕੇ 10 ਬੋਤਲਾਂ ਸ਼ਰਾਬ ਨਾਜਾਇਜ਼ ਬਰਾਮਦ ਕੀਤੀ।
ਐਸਐਸਪੀ ਨੇ ਦੱਸਿਆ ਕਿ ਸਾਰੇ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਅਰੰਭ ਦਿੱਤੀ ਗਈ ਹੈ।