ਮਾਨਸਾ: ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹਾ ਕੋਰਟ ਕੰਪਲੈਕਸ ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ ਵਿਖੇ ਕੌਮੀ ਲੋਕ ਅਦਾਲਤ ਲਗਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਜੇ.ਐਮ.-ਕਮ-ਸਕੱਤਰ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਕਰਿਮੀਨਲ ਕੰਮਪਾਊਂਡੇਬਲ, 138 ਐਨ.ਆਈ.ਐਕਟ, ਬੈਂਕ ਰਿਕਵਰੀ ਕੇਸ, ਐਸ.ਏ.ਸੀ.ਟੀ. ਕੇਸ, ਲੇਬਰ ਡਿਸਪਿਊਟ, ਬਿਜਲੀ ਅਤੇ ਪਾਣੀ ਦੇ ਬਿਲਾਂ ਸਬੰਧੀ ਕੇਸ, ਮੈਟਰੀਮੋਨੀਅਲ ਕੈਟਾਗਿਰੀ ਦੇ ਕੇਸ, ਐਲ.ਏ.ਸੀ. ਕੇਸ ਅਤੇ ਹੋਰ ਕੈਟਾਗਿਰੀ ਕੇਸਾਂ ਦੇ ਨਿਪਟਾਰੇ ਲਈ ਕੋਰਟ ਕੰਪਲੈਕਸ ਮਾਨਸਾ ਵਿੱਚ 5 ਬੈਂਚਾਂ, ਬੁਢਲਾਡਾ ਵਿਖੇ 1 ਅਤੇ ਸਰਦੂਲਗੜ੍ਹ ਵਿਖੇ 1 ਬੈਂਚ ਦਾ ਗਠਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਕੋਰਟ ਕੰਪਲੈਕਸ ਮਾਨਸਾ ਵਿਖੇ ਅਡੀਸ਼ਨਲ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਮਿਸ ਮਨਜੋਤ ਕੌਰ, ਅਡੀਸ਼ਨਲ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਸ਼੍ਰੀ ਦਿਨੇਸ਼ ਕੁਮਾਰ, ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਮਿਸ ਅਮੀਤਾ ਸਿੰਘ, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਮਿਸ ਮਨਪ੍ਰੀਤ ਕੌਰ ਅਤੇ ਅਡੀਸ਼ਨਲ ਸਿਵਲ ਜੱਜ ਸ਼੍ਰੀ ਹਰੀਸ਼ ਕੁਮਾਰ ਵੱਲੋਂ ਲਗਾਏ ਗਏ ਬੈਂਚਾਂ ਵਿੱਚ ਕੁੱਲ 111 ਕੇਸਾਂ ਦਾ ਨਿਪਟਾਰਾ ਰਾਜੀਨਾਮੇ ਰਾਹੀਂ ਕਰਵਾਇਆ ਗਿਆ।
ਇਸ ਤੋਂ ਇਲਾਵਾ ਕੋਰਟ ਕੰਪਲੈਕਸ ਬੁਢਲਾਡਾ ਵਿਖੇ ਐਸ.ਡੀ.ਜੇ.ਐਮ. ਅਜੈ ਪਾਲ ਸਿੰਘ ਵੱਲੋਂ ਲਗਾਏ ਗਏ ਬੈਂਚ ਵਿੱਚ ਕੁੱਨ 67 ਕੇਸਾਂ ਅਤੇ ਸਰਦੂਲਗੜ੍ਹ ਵਿਖੇ ਐਸ.ਡੀ.ਜੇ.ਐਮ. ਸ਼੍ਰੀਮਤੀ ਹਰਪ੍ਰੀਤ ਕੌਰ ਵੱਲੋਂ ਲਗਾਏ ਗਏ ਬੈਂਚ ਵਿੱਚ ਕੁੱਲ 40 ਕੇਸਾਂ ਦਾ ਨਿਪਟਾਰਾ ਰਾਜ਼ੀਨਾਮੇ ਰਾਹੀਂ ਕਰਵਾਇਆ ਗਿਆ। ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਇਨ੍ਹਾਂ ਬੈਂਚਾਂ ਵਿੱਚ ਐਡਵੋਕੇਟ ਦੀਪਇੰਦਰ ਸਿੰਘ, ਕਾਕਾ ਸਿੰਘ, ਗੁਰਨੀਸ਼ ਸਿੰਘ ਮਾਨਸ਼ਾਹੀਆ, ਮਿਸ ਰਾਜਵਿੰਦਰ ਕੌਰ, ਸਤਿੰਦਰਪਾਲ ਸਿੰਘ ਮਿੱਤਲ, ਡਾ. ਗੁਰਪ੍ਰੀਤ ਕੌਰ, ਮਿਸ ਸ਼ਸ਼ੀ ਬਾਲਾ, ਮਿਸ ਬਲਵੀਰ ਕੌਰ, ਮਿਸ ਸਰੀਤਾ ਗਰਗ ਨੇ ਬਤੌਰ ਮੈਂਬਰ ਸ਼ਮੂਲੀਅਤ ਕੀਤੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮੂਹ ਬੈਂਚਾਂ ਵਿੱਚ ਕੁੱਲ 218 ਕੇਸਾਂ ਦਾ ਨਿਪਟਾਰਾ ਰਾਜ਼ੀਨਾਮੇ ਰਾਹੀਂ ਕਰਵਾਇਆ ਗਿਆ ਅਤੇ ਕੁੱਲ 5,26,34,328/- ਰੁਪਏ (ਪੰਜ ਕਰੋੜ ਛੱਬੀ ਲੱਖ ਚੌਂਤੀ ਹਜ਼ਾਰ ਤਿੰਨ ਸੋ ਅਠਾਈ ਰੁਪਏ) ਦੇ ਅਵਾਰਡ ਪਾਸ ਕੀਤੇ ਗਏ।
ਇਸ ਮੌਕੇ ਅਮਨਦੀਪ ਸਿੰਘ ਨੇ ਦੱਸਿਆ ਕਿ ਲੋਕ ਅਦਾਲਤ ਤੋਂ ਪਹਿਲਾਂ ਅਨੇਕਾਂ ਸੈਮੀਨਾਰ ਲਗਾਕੇ ਅਤੇ ਬੈਂਕ ਤੇ ਬੀਮਾ ਕੰਪਨੀਆਂ ਦੇ ਅਫ਼ਸਰਾਂ ਅਤੇ ਹੋਰ ਵਿਭਾਗਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਲੋਕ ਅਦਾਲਤ ਵਿੱਚ ਕੇਸ ਲਗਵਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ’ਚ ਕੋਰੋਨਾ ਵੈਕਸੀਨ ਦਾ ਕਾਲ, ਗੁਜਰਾਤ ’ਚ ਭਾਜਪਾ ਵਰਕਰਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਵੈਕਸੀਨ